ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਖ਼ਬਰ ਹੈ। ਲੁਧਿਆਣਾ ਦੇ ਇਸ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਨੂੰ ਛੇਤੀ ਹੀ ਵੱਡੀ ਰਾਹਤ ਮਿਲ ਸਕਦੀ ਹੈ। ਇਹ ਟੋਲ ਪਲਾਜ਼ਾ 17 ਸਤੰਬਰ ਤੋਂ ਟੈਕਸ ਫ਼੍ਰੀ ਹੋ ਸਕਦਾ ਹੈ। ਇਸ ਦਾ ਐਲਾਨ ਪੰਜਾਬ ਟੋਲ ਯੂਨੀਅਨ ਨੇ ਮੀਟਿੰਗ ਉਪਰੰਤ ਕੀਤਾ ਹੈ।
ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਯੂਨੀਅਨ ਦੇ ਮੁਲਾਜ਼ਮਾਂ ਨੇ ਬੀਤੇ ਦਿਨ ਮੀਟਿੰਗ ਕੀਤੀ ਗਈ ਹੈ, ਜਿਸ ‘ਚ ਘੱਟ ਤਨਖਾਹਾਂ, ਭੱਤੇ ਅਤੇ ਪੀਐਫ਼ ਆਦਿ ਨੂੰ ਲੈ ਕੇ ਮੰਗਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਲ ਪਲਾਜ਼ਾ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ 10 ਹਜ਼ਾਰ ਰੁਪਏ ਹੈ, ਜੋ ਕਿ ਕਾਨੂੰਨ ਅਨੁਸਾਰ 22,000 ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਮੁਲਾਜ਼ਮਾਂ ਨੂੰ ਨਾ ਤਾਂ ਟੋਲ ਭੱਤੇ ਦਿੱਤੇ ਜਾ ਰਹੇ ਹਨ, ਨਾ ਹੀ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਪੀ. ਐੱਫ. ਕੱਟਿਆ ਜਾਂਦਾ ਹੈ।
ਪ੍ਰਧਾਨ ਲਾਡੀ ਨੇ ਕਿਹਾ ਕਿ ਇਸ ਲਈ ਹੁਣ ਮੰਗਾਂ ਦੇ ਹੱਲ ਲਈ ਟੋਲ ਪਲਾਜ਼ਾ ਪ੍ਰਬੰਧਾਂ ਨੂੰ ਉਨ੍ਹਾਂ ਨੇ 16 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ 16 ਸਤੰਬਰ ਤੱਕ ਟੋਲ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਟੋਲ ਪਲਾਜ਼ਾ ਨੂੰ ਫ਼ਰੀ ਚਲਾਇਆ ਜਾਵੇਗਾ ਤੇ ਕਿਸੇ ਵੀ ਵਾਹਨ ਚਾਲਕ ਨੂੰ ਟੋਲ ਨਹੀਂ ਲਾਉਣ ਦਿੱਤਾ ਜਾਵੇਗਾ।