ਚੰਡੀਗੜ੍ਹ ਦੇ ਸੈਕਟਰ 10 ਸਥਿਤ ਇੱਕ ਕੋਠੀ ਵਿੱਚ ਬੀਤੇ ਦਿਨ ਹੋਏ ਹੈਂਡ ਗ੍ਰੇਨੇਡ ਧਮਾਕੇ ਵਿੱਚ ਪੁਲਿਸ ਦੇ ਹੱਥ ਵੱਡਾ ਸੁਰਾਗ ਹੱਥ ਲੱਗਿਆ ਹੈ। ਪੁਲਿਸ ਨੂੰ ਕੋਠੀ ਵਿੱਚ ਹੈਂਡ ਗ੍ਰੇਨੇਡ ਸੁੱਟਣ ਦੇ ਦੋ ਸ਼ੱਕੀ ਨੌਜਵਾਨਾਂ ਬਾਰੇ ਪਤਾ ਲੱਗਿਆ ਹੈ, ਜਿਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਨੇ ਮੁਲਜ਼ਮਾਂ ਦੇ ਸਿਰ ‘ਤੇ ਇਨਾਮ ਵੀ ਰੱਖਿਆ ਹੈ ਅਤੇ ਕਿਹਾ ਹੈ ਕਿ ਆਰੋਪੀਆਂ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਿੱਤੇ ਜਾਣਗੇ।
ਦੱਸ ਦਈਏ ਕਿ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ-10 ਵਿੱਚ ਕੋਠੀ ਨੰਬਰ 575 ਵਿੱਚ ਬੰਬ ਧਮਾਕਾ ਹੋਇਆ ਸੀ, ਜੋ ਕਿ ਸ਼ਹਿਰ ਦਾ ਸਭ ਤੋਂ ਪੌਸ਼ ਇਲਾਕਾ ਹੈ। ਘਟਨਾ ਨੇ ਚੰਡੀਗੜ੍ਹ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ, ਜਿਸ ਦੀ ਜਾਂਚ ਵਿੱਚ ਕ੍ਰਾਈਮ ਬ੍ਰਾਂਚ ਅਤੇ ਹੋਰ ਕਈ ਜਾਂਚ ਟੀਮਾਂ ਵੀ ਜੁਟੀਆਂ ਹੋਈਆਂ ਹਨ। ਨਾਲ ਹੀ ਚੰਡੀਗੜ੍ਹ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲ ਸੁਰਿੰਦਰ ਸਿੰਘ ਯਾਦਵ, ਆਈਜੀ ਰਾਜਕੁਮਾਰ, ਐਸਐਸਪੀ ਕੰਵਰਦੀਪ ਕੌਰ, ਐਸਪੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਵੀ ਮਾਮਲੇ ‘ਚ ਨਜ਼ਰ ਬਣਾ ਕੇ ਰੱਖੀ ਹੋਈ ਹੈ।
ਹੈਂਡ ਗ੍ਰੇਨੇਡ ਸੁੱਟ ਕੇ ਭੱਜੇ ਨੌਜਵਾਨ
ਮਾਮਲੇ ‘ਚ ਸਾਹਮਣੇ ਆਈ ਇੱਕ ਸੀਸੀਟੀਵੀ ‘ਚ ਸਾਹਮਣੇ ਆਇਆ ਹੈ ਕਿ ਇੱਕ ਆਟੋ ਵਿੱਚ ਤਿੰਨ ਨੌਜਵਾਨ ਆਏ ਸਨ, ਜੋ ਘਰ ਵਿੱਚ ਹੈਂਡ ਗ੍ਰੇਨੇਡ ਸੁੱਟ ਕੇ ਭੱਜ ਗਏ। ਜਿਵੇਂ ਹੀ ਹੈਂਡ ਗ੍ਰੇਨੇਡ ਸੁੱਟਿਆ ਗਿਆ ਤਾਂ ਘਰ ‘ਚ ਬੰਬ ਧਮਾਕਾ ਹੋ ਗਿਆ। ਧਮਾਕੇ ਕਾਰਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ।