ਜਲੰਧਰ, 26 ਅਪ੍ਰੈਲ (EN) ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਫੂਡ ਸੇਫ਼ਟੀ ਵਿੰਗ ਜਲੰਧਰ ਵੱਲੋਂ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਦਿਲਰਾਜ ਸਿੰਘ ਦੀਆਂ ਹਦਾਇਤਾਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਸਹਾਇਕ ਕਮਿਸ਼ਨਰ (ਫੂਡ) ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਵਾਲੀ ਖਾਧ ਸੁਰੱਖਿਆ ਟੀਮ, ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਰਾਸ਼ੂ ਮਹਾਜਨ ਅਤੇ ਮੁਕੁਲ ਗਿੱਲ ਵੀ ਸ਼ਾਮਲ ਸਨ, ਵੱਲੋਂ ਮਾਸਟਰ ਤਾਰਾ ਸਿੰਘ ਨਗਰ, ਅਰਬਨ ਅਸਟੇਟ ਫੇਜ਼-2, ਜਲੰਧਰ ਛਾਉਣੀ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਦੇਸੀ ਘਿਓ, ਸਰ੍ਹੋਂ ਦਾ ਤੇਲ, ਸੋਇਆਬੀਨ ਦਾ ਤੇਲ, ਜੂਸ, ਤਿਆਰ ਸਮੋਸਾ, ਕਾਰਬੋਨੇਟਿਡ ਵਾਟਰ, ਮਸਾਲਾ, ਦਾਲ ਆਦਿ ਸਮੇਤ 9 ਸੈਂਪਲ ਭਰੇ ਗਏ।
ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ ਭਰੇ ਗਏ ਸੈਂਪਲ ਅਗਲੇਰੀ ਜਾਂਚ ਲਈ ਸਟੇਟ ਫੂਡ ਲੈਬੋਰੇਟਰੀ ਵਿਖੇ ਭੇਜੇ ਗਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਰਿਪੋਰਟ ਪ੍ਰਾਪਤ ਹੋਣ ’ਤੇ ਕੀਤੀ ਜਾਵੇਗੀ।
