ਦਿੱਲੀ ਦੇ ਸ਼ਰਧਾ ਕਤਲ ਕੇਸ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਮੁਲਜ਼ਮ ਆਫਤਾਬ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹ ਇਸ ਖੌਫਨਾਕ ਵਾਰਦਾਤ ਦੇ ਨਵੇਂ-ਨਵੇਂ ਰਾਜ਼ ਖੋਲ੍ਹ ਰਿਹਾ ਹੈ। ਹੁਣ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਆਫਤਾਬ ਨੇ ਉਸਦਾ ਚਿਹਰਾ ਸਾੜ ਦਿੱਤਾ ਸੀ। ਆਫਤਾਬ ਨੇ ਦੱਸਿਆ ਕਿ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਅਜਿਹਾ ਕੀਤਾ ਸੀ। ਮੁਲਜ਼ਮ ਨੇ ਲਾਸ਼ ਦੇ ਟੁਕੜਿਆਂ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਅਜਿਹਾ ਕੀਤਾ। ਮੁਲਜ਼ਮ ਆਫਤਾਬ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਇੰਟਰਨੈੱਟ ਤੋਂ ਲਈ ਸੀ।
ਲਗਾਤਾਰ ਹੋ ਰਹੇ ਨੇ ਨਵੇਂ ਖੁਲਾਸੇ
ਸ਼ਰਧਾ ਕਤਲ ਕਾਂਡ ‘ਚ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ, ਜਦੋਂ ਵੀ ਕੋਈ ਨਵਾਂ ਰਾਜ਼ ਖੁੱਲ੍ਹਦਾ ਹੈ ਤਾਂ ਦੋਸ਼ੀ ਆਫਤਾਬ ਦਾ ਵਹਿਸ਼ੀਪੁਣਾ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ। ਇਸ ਤੋਂ ਪਹਿਲਾਂ ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਆਫਤਾਬ ਨੇ ਲਾਸ਼ ਦੇ ਟੁਕੜਿਆਂ ਨੂੰ ਉਸੇ ਫਰਿੱਜ ਵਿਚ ਰੱਖਿਆ ਸੀ, ਜਿਸ ਵਿੱਚ ਉਹ ਆਪਣਾ ਖਾਣਾ ਰੱਖਦਾ ਸੀ। ਉਹਨੇ ਲਾਸ਼ ਦੇ ਟੁਕੜਿਆਂ ਨੂੰ ਲਗਭਗ 18 ਦਿਨਾਂ ਲਈ ਫਰਿੱਜ ਵਿੱਚ ਰਖਿਆ ਸੀ। ਇੰਨਾ ਹੀ ਨਹੀਂ ਉਹ ਹਰ ਰੋਜ਼ ਸ਼ਰਧਾ ਦਾ ਸਿਰ ਫਰਿੱਜ ‘ਚ ਦੇਖਦਾ ਸੀ। ਲਾਸ਼ ਦੇ ਟੁਕੜਿਆਂ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟਣਾ ਹੀ ਉਸ ਦਾ ਕੰਮ ਸੀ। ਉਸਨੇ ਲਗਾਤਾਰ ਕਈ ਦਿਨ ਅਜਿਹਾ ਕੀਤਾ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਉਹ ਕਾਫੀ ਆਮ ਵਾਂਗ ਰਿਹਾ ਅਤੇ ਕਈ ਕੁੜੀਆਂ ਨੂੰ ਵੀ ਮਿਲਦਾ ਰਿਹਾ। ਇੱਥੋਂ ਤੱਕ ਕਿ ਇਹ ਜਾਣਕਾਰੀ ਵੀ ਸਾਹਮਣੇ ਆਈ ਕਿ ਉਸ ਨੇ ਕੁਝ ਲੜਕੀਆਂ ਨੂੰ ਆਪਣੇ ਘਰ ਵੀ ਬੁਲਾਇਆ ਸੀ।
ਕੀ ਹੈ ਪੂਰਾ ਮਾਮਲਾ?
ਦਰਅਸਲ, ਕੁਝ ਦਿਨ ਪਹਿਲਾਂ 14 ਨਵੰਬਰ ਨੂੰ ਦਿੱਲੀ ਪੁਲਿਸ ਨੇ ਅਚਾਨਕ ਵੱਡਾ ਖੁਲਾਸਾ ਕੀਤਾ ਹੈ। ਜਿਸ ਵਿੱਚ ਦੱਸਿਆ ਗਿਆ ਸੀ ਕਿ ਕਰੀਬ 6 ਮਹੀਨੇ ਪਹਿਲਾਂ ਦਿੱਲੀ ਵਿੱਚ ਇੱਕ ਭਿਆਨਕ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਵਿੱਚ ਇੱਕ ਨੌਜਵਾਨ ਨੇ ਇੱਕ ਫਲੈਟ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਦੇ 35 ਟੁਕੜੇ ਕਰ ਦਿੱਤੇ। ਆਫਤਾਬ ਨਾਮ ਦੇ ਇਸ ਦੋਸ਼ੀ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਰਸੋਈ ਵਿੱਚ ਆਰੇ ਨਾਲ ਲਾਸ਼ ਦੇ ਟੁਕੜੇ ਕਰ ਦਿੱਤੇ। ਲਾਸ਼ ਦੇ ਟੁਕੜੇ-ਟੁਕੜੇ ਕਰਨ ਤੋਂ ਬਾਅਦ, ਉਸਨੇ ਇੱਕ ਵੱਡਾ ਫਰਿੱਜ ਖਰੀਦਿਆ ਅਤੇ ਉਸ ਵਿੱਚ ਸਾਰੇ ਟੁਕੜੇ ਰੱਖੇ। ਜਿਸ ਨੂੰ ਉਸ ਨੇ ਬਾਅਦ ਵਿਚ ਵੱਖ ਵੱਖ ਥਾਵਾਂ ਉਤੇ ਸੁੱਟ ਦਿੱਤਾ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ਰਧਾ ਦੇ ਪਿਤਾ ਨੇ ਬੇਟੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੂੰ ਦੱਸਿਆ ਗਿਆ ਕਿ ਉਹ ਆਪਣੇ ਲਿਵ-ਇਨ ਪਾਰਟਨਰ ਨਾਲ ਰਹਿੰਦੀ ਸੀ। ਪੁਲਿਸ ਨੇ ਆਫਤਾਬ ਨੂੰ ਗ੍ਰਿਫਤਾਰ ਕੀਤਾ ਅਤੇ ਉਦੋਂ ਤੋਂ ਹੀ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਫਿਲਹਾਲ ਪੁਲਿਸ ਨੂੰ ਲਾਸ਼ ਦੇ ਕੁਝ ਟੁਕੜੇ ਮਿਲੇ ਹਨ ਪਰ ਅਫਤਾਬ ਪੁਲਿਸ ਨੂੰ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਪੁਲਿਸ ਅਜੇ ਤੱਕ ਕਤਲ ਵਿੱਚ ਵਰਤਿਆ ਹਥਿਆਰ ਬਰਾਮਦ ਨਹੀਂ ਕਰ ਸਕੀ ਹੈ। ਫਿਲਹਾਲ ਦੋਸ਼ੀ ਆਫਤਾਬ ਦਾ ਨਾਰਕੋ ਟੈਸਟ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਅਸਲ ਸੱਚਾਈ ਸਾਹਮਣੇ ਆ ਸਕੇਗੀ।