ਮਲੋਟ ਸ਼ਹਿਰ ਦੇ ਬਾਜ਼ਾਰ ਇੰਦਰਾ ਰੋਡ ‘ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਰਜਨ ਦੇ ਕਰੀਬ ਨੌਜਵਾਨਾਂ ਨੇ ਗੈਸ ਚੁੱਲ੍ਹੇ ਰਿਪੇਅਰ ਕਰਨ ਵਾਲੇ ਬੱਗੀ ’ਤੇ ਹਮਲਾ ਕਰ ਦਿੱਤਾ ਤੇ ਉਸ ਦਾ ਹੱਥ ਵੱਢ ਦਿੱਤਾ। ਉਸ ਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਉਪਰੰਤ ਰੋਸ ਵਿਚ ਆਏ ਸਮੂਹ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਦਿੱਤਾ।
ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਸਕੂਲਾਂ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਸ਼ੇੜੀਆਂ ਤੋਂ ਦੁਕਾਨਦਾਰ ਪਹਿਲਾਂ ਹੀ ਪ੍ਰੇਸ਼ਾਨ ਸਨ। ਹੁਣ ਇਸ ਹਮਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ਼ਹਿਰ ਵਿਚ ਅਮਨ-ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ।
ਜ਼ਖ਼ਮੀ ਬੱਗੀ ਨੇ ਕਿਹਾ ਕਿ ਨੇੜੇ ਸਥਿਤ ਦੁਕਾਨਦਾਰ ਉਸ ਦੀ ਦੁਕਾਨ ‘ਤੇ ਭੱਜਿਆ-ਭੱਜਿਆ ਆਇਆ, ਉਸ ਦੇ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਥਿਤ ਨਸ਼ੇੜੀ ਨੌਜਵਾਨ ਸਨ, ਜਿਨ੍ਹਾਂ ਨੂੰ ਜਦੋ ਉਸ ਨੇ ਰੋਕਿਆ ਤਾਂ ਉਸ ‘ਤੇ ਹੀ ਹਮਲਾ ਕਰ ਦਿੱਤਾ। ਇਸ ਮੌਕੇ ਡੀਐਸਪੀ ਮਲੋਟ ਬਲਕਾਰ ਸਿੰਘ ਵੀ ਮੌਕੇ ‘ਤੇ ਪਹੁੰਚੇ। ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਹਮਲਾਵਰਾਂ ਨੂੰ ਕਾਬੂ ਨਹੀਂ ਕਰ ਲੈਂਦੀ, ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ।