05/11/2024 10:46 PM

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਤਿੰਨ ਦਿਨਾਂ ਤੱਕ ਚੱਲਣ ਵਾਲੇ ਯੂਥ ਫੈਸਟੀਵਲ ਦਾ ਉਦਘਾਟਨ

ਜਲੰਧਰ(ਕੁਲਪ੍ਰੀਤ ਸਿੰਘ ): ਪੰਜਾਬ ਦੇ ਉਚੇਰੀ ਸਿੱਖਿਆ, ਖੇਡਾਂ ਅਤੇ ਯੁਵਕ ਮਾਮਲੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨੌਜਵਾਨਾਂ ਵਿਚਲੀ ਊਰਜਾ ਨੂੰ ਉਸਾਰੂ ਪਾਸੇ ਲਗਾ ਕੇ ਉਨ੍ਹਾਂ ਨੂੰ ਦੇਸ਼ ਅਤੇ ਸੂਬੇ ਦੀ ਆਰਥਿਕ ਤੇ ਸਮਾਜਿਕ ਤਰੱਕੀ ਵਿੱਚ ਸਰਗਰਮ ਭਾਗੀਦਾਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਵਿਖੇ ਯੂਥ ਫੈਸਟੀਵਲ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਖ਼ਤ ਮਿਹਨਤ ਅਤੇ ਸੂਝਬੂਝ ਸਦਕਾ ਪੰਜਾਬੀਆਂ ਨੂੰ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ।
ਗੁਰਮੀਤ ਸਿੰਘ ਮੀਤ ਹੇਅਰ, ਜਿਨ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਧਰਮਜੀਤ ਸਿੰਘ, ਵਿਧਾਇਕ ਡਾ.ਰਵਜੋਤ ਸਿੰਘ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਵੱਲੋਂ ਨਾ ਸਿਰਫ਼ ਸੂਬੇ ਅਤੇ ਦੇਸ਼ ਸਗੋਂ ਵਿਸ਼ਵ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ । ਉਨ੍ਹਾਂ ਅਗੇ ਦੱਸਿਆ ਕਿ ਦੇਸ਼ ਦੀ ਬਿਹਤਰੀ ਲਈ ਨੌਜਵਾਨ ਸ਼ਕਤੀ ਨੂੰ ਉਸਾਰੂ ਪਾਸੇ ਲਗਾਉਣ ਦੀ ਲੋੜ ਹੈ ਅਤੇ ਅਜਿਹੇ ਯੂਥ ਫੈਸਟੀਵਲ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਮੌਕੇ ਉਨ੍ਹਾਂ ਆਪਣੇ ਕਾਲਜ ਦੇ ਦਿਨਾਂ ਦੌਰਾਨ ਯੂਥ ਫੈਸਟੀਵਲਾਂ ਵਿੱਚ ਸ਼ਿਰਕਤ ਕਰਨ ਸਬੰਧੀ ਅਨੁਭਵਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਇਨ੍ਹਾਂ ਫੈਸਟੀਵਲਾਂ ਵਿੱਚ ਸ਼ਮੂਲੀਅਤ ਨਾਲ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਜੋ ਕਿ ਉਸਾਰੂ ਸਮਾਜ ਦੀ ਸਿਰਜਣਾ ਤੇ ਅਗਵਾਈ ਕਰਨ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਅਜਿਹੇ ਮੇਲਿਆਂ ਵਿੱਚ ਜਰੂਰ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਅੰਦਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਕਲਾ, ਸੰਗੀਤ ਅਤੇ ਡਾਂਸ ਦੇ ਖੇਤਰ ਵਿੱਚ ਲੁਕੀ ਹੋਈ ਪ੍ਰਤਿਭਾ ਨੂੰ ਪਹਿਚਾਣਿਆਂ ਜਾ ਸਕੇ। ਉਨ੍ਹਾਂ ਕਿਹਾ ਕਿ ਕਲਾ ਅਤੇ ਸਭਿਆਚਾਰ ਕਿਸੇ ਵੀ ਵਿਅਕਤੀ ਦੀ ਸਰਵਪੱਖੀ ਸ਼ਖਸੀਅਤ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅਜਿਹੇ ਯੁਵਕ ਮੇਲੇ ਨੌਜਵਾਨਾਂ ਨੂੰ ਆਪਣਾ ਹੁਨਰ ਪਹਿਚਾਣਨ ਵਿੱਚ ਵਧੀਆ ਮੰਚ ਪ੍ਰਦਾਨ ਕਰਦੇ ਹਨ।
ਉਨ੍ਹਾਂ ਵੱਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵੱਲੋਂ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਸਸਤੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਖ ਪੰਜਾਬ ਸਰਕਾਰ ਵਲੋਂ ਇਸ ਨੇਕ ਕਾਰਜ ਵਿੱਚ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਗਿਆ। ਉਨ੍ਹਾਂ ਮੰਗ ਅਨੁਸਾਰ ਹੁਨਰਮੰਦ ਕੋਰਸ ਸ਼ੁਰੂ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ।
ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰਨਾਂ ਅਹਿਮ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਵਾਈਸ ਚਾਂਸਲਰ ਧਰਮਜੀਤ ਸਿੰਘ ਪਰਮਾਰ ਵਲੋਂ ਸੰਤ ਬਾਬਾ ਮਲਕੀਤ ਸਿੰਘ ਜੀ ਦੁਆਰਾ ਸਾਲ 2015 ਵਿੱਚ ਸਥਾਪਤ ਯੂਨੀਵਰਸਿਟੀ ਅਤੇ ਦੂਜੇ ਚਾਂਸਲਰ ਸੰਤ ਬਾਬਾ ਦਲਾਵਰ ਸਿੰਘ ਜੀ ਦੀ ਅਗਵਾਈ ਵਿੱਚ ਹਾਸਲ ਕੀਤੀਆਂ ਅਹਿਮ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਚਾਂਸਲਰ ਸੰਤ ਬਾਬਾ ਸਰਵਣ ਸਿੰਘ ਜੀ ਵੱਲੋਂ ਇਸ ਵਿਰਾਸਤ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 4000 ਵਿਦਿਆਰਥੀਆਂ ਵੱਲੋਂ ਯੁਵਕ ਮੇਲੇ ਦੌਰਾਨ 80 ਤੋਂ ਵੱਧ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ ਜਾਵੇਗਾ।