“ਪੰਜਾਬ ਦੇ ਹਰ ਘਰ ਵਿੱਚ ਕੱਚੀ ਸ਼ਰਾਬ ਦੀਆਂ ਭੱਠੀਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਅੰਦਰ ਵੀ ਨਸ਼ਾ ਵੱਡੀ ਮਾਤਰਾ ਵਿੱਚ ਪਹੁੰਚ ਰਿਹਾ ਹੈ। ਇਸ ਨਾਲ ਜਵਾਨੀ ਖ਼ਤਮ ਹੋ ਜਾਵੇਗੀ ਪਰ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ, ਸਿਰਫ਼ ਐਫਆਈਆਰ ਦਰਜ ਕਰਕੇ ਛੱਡ ਦਿੰਦੀ ਹੈ।” ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜਸਟਿਸ ਐਮਆਰ ਸ਼ਾਹ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ‘ਚ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਐਮਆਰ ਸ਼ਾਹ ਨੇ ਪੰਜਾਬ ਸਰਕਾਰ ਨੂੰ ਝਾੜ ਲਗਾਉਂਦੇ ਹੋਏ ਇਹ ਟਿੱਪਣੀ ਕੀਤੀ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਦਾਲਤ ਦੀਆਂ ਇਹ ਸਾਰੀਆਂ ਟਿੱਪਣੀਆਂ ਸਪੱਸ਼ਟ ਕਰਦੀਆਂ ਹਨ ਕਿ ਸੀਐਮ ਭਗਵੰਤ ਮਾਨ ਕਰੋੜਾਂ ਰੁਪਏ ਦੇ ਬਜਟ ਨਾਲ ਅਖਬਾਰਾਂ ਤੇ ਟੀਵੀ ‘ਤੇ ਲੰਬੇ ਸਮੇਂ ਤੋਂ ਲਗਾਤਾਰ ਪ੍ਰਚਾਰ ਕਰ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਕੰਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਫੇਲ੍ਹ ਸਰਕਾਰ ਮੰਨਿਆ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਉਹ ਹੁਣ ਤੱਕ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਅਖਬਾਰਾਂ, ਟੀਵੀ ਸਮੇਤ ਪੰਜਾਬ ਦੇ 500 ਕਰੋੜ ਰੁਪਏ ਬਰਬਾਦ ਕਰ ਚੁੱਕੇ ਹਨ। ਜਦੋਂ ਪੰਜਾਬ ਨਸ਼ਿਆਂ ਵੱਲ ਵਧ ਰਿਹਾ ਹੈ, ਸੁਪਰੀਮ ਕੋਰਟ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਝਾੜ-ਝੰਬ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਜੋ ਕੁਝ ਵਾਪਰਿਆ ਉਹ ਪੂਰੇ ਪੰਜਾਬ ਲਈ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੀ ਕਮਾਨ ਭਗਵੰਤ ਮਾਨ ਨੂੰ ਜ਼ਰੂਰ ਸੌਂਪਣਗੇ ਤਾਂ ਜੋ ਪੰਜਾਬ ਦਾ ਕੁਝ ਭਲਾ ਹੋ ਸਕੇ।