05/21/2024 4:59 AM

ਸਿੱਧੂ ਮੂਸੇਵਾਲਾ ਕਤਲ ਕੇਸ ‘ਚ 36 ਮੁਲਜ਼ਮ ਨਾਮਜ਼ਦ

: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਿੱਤ ਨਵਾਂ ਮੋੜ ਆ ਰਿਹਾ ਹੈ। ਹੁਣ ਇਸ ਦੀਆਂ ਤਾਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਵੀ ਜੁੜਦੀਆਂ ਨਜ਼ਰ ਆ ਰਹੀਆਂ ਹਨ। ਮਾਨਸਾ ਪੁਲਿਸ ਨੇ ਬੁੱਧਵਾਰ ਨੂੰ ਪੰਜਾਬੀ ਗਾਇਕਾਂ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੰਜ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਦੋਵੇਂ ਗਾਇਕਾਂ ਤੋਂ ਲੋੜ ਪੈਣ ’ਤੇ ਮੁੜ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ।

ਉਧਰ, ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ 36 ਲੋਕਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਤੇ 24 ਖ਼ਿਲਾਫ਼ 1,850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਅਨੁਸਾਰ ਕੈਨੇਡਾ ਸਥਿਤ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮਦਦ ਨਾਲ ਪਿਛਲੇ ਸਾਲ ਮੁਹਾਲੀ ਵਿੱਚ ਗੋਲੀ ਮਾਰ ਕੇ ਮਾਰੇ ਗਏ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕਤਲ ਦੀ ਯੋਜਨਾ ਨੂੰ ਅੰਜਾਮ ਦਿੱਤਾ ਸੀ। ਮਿੱਡੂਖੇੜਾ ਦੇ ਕਤਲ ਵਿੱਚ ਸ਼ਗਨਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ ਸੀ, ਜਿਸ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾਂਦਾ ਸੀ। ਇਸ ਮਗਰੋਂ ਗੈਂਗਸਟਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਵਿੱਚ ਗਾਇਕ ਵੀ ਸ਼ਾਮਲ ਸੀ।

ਹਾਸਲ ਜਾਣਕਾਰੀ ਅਨੁਸਾਰ ਪੁਲਿਸ ਨੇ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੀ ਆਪਸੀ ਤਕਰਾਰ ਦੇ ਸਬੰਧ ਵਿੱਚ ਪੁੱਛ-ਪੜਤਾਲ ਕੀਤੀ। ਪੁਲਿਸ ਨੇ ਇਨ੍ਹਾਂ ਦੋਨੋਂ ਗਾਇਕਾਂ ਤੋਂ ਵੱਖ-ਵੱਖ ਵੀ ਪੜਤਾਲ ਕੀਤੀ। ਮੂਸੇਵਾਲਾ ਦੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਦੋਨੋਂ ਗਾਇਕਾਂ ਵਿਚਕਾਰ ਵਿਵਾਦ ਹੋ ਗਿਆ ਸੀ। ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਦਾ ਨਾਮ ਲਏ ਬਿਨਾਂ ਲਾਈਵ ਹੋ ਕੇ ਆਪਣੀ ਗੱਲ ਰੱਖੀ ਸੀ ਤੇ ਇਸ ਮਾਮਲੇ ਵਿੱਚ ਦੋਨੋਂ ਗਾਇਕਾਂ ਦੇ ਪ੍ਰਸ਼ੰਸਕ ਵੀ ਇੱਕ-ਦੂਜੇ ਖਿਲਾਫ਼ ਸੋਸ਼ਲ ਮੀਡੀਆ ’ਤੇ ਆ ਗਏ ਸਨ।

ਭਾਵੇਂ ਬੱਬੂ ਮਾਨ, ਮੂਸੇਵਾਲਾ ਦੇ ਨਾਲ ਆਨ-ਲਾਈਨ ਝਗੜਿਆਂ ਵਿੱਚ ਸ਼ਾਮਲ ਸੀ, ਪਰ ਮਨਕੀਰਤ ਔਲਖ ਦਾ ਨਾਮ ਪੰਜਾਬੀ ਗਾਇਕ ਦੇ ਕਤਲ ਨਾਲ ਸ਼ੁਰੂ ਤੋਂ ਹੀ ਜੁੜ ਗਿਆ ਸੀ ਤੇ ਇਸ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਔਲਖ ਦੀਆਂ ਤਸਵੀਰਾਂ ਵਿਆਪਕ ਤੌਰ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਇੱਥੋਂ ਤੱਕ ਕਿ ਬੰਬੀਹਾ ਗੈਂਗ ਨੇ ਔਲਖ ’ਤੇ ਕਤਲ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ ਤੇ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।