ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਸੀਐਮ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿਹਾਤੀ ਵਿਕਾਸ ਫ਼ੰਡਾਂ ਦੇ ਮੁੱਦੇ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਦੁਪਹਿਰ 12 ਵਜੇ ਅਮਿਤ ਸ਼ਾਹ ਨਾਲ ਮੀਟਿੰਗ ਕਰਨਗੇ ਤੇ ਉਸ ਮਗਰੋਂ ਕੇਂਦਰੀ ਖ਼ੁਰਾਕ ਮੰਤਰੀ ਪਿਊਸ਼ ਗੋਇਲ ਨੂੰ ਮਿਲਣਗੇ। ਪੇਂਡੂ ਵਿਕਾਸ ਫ਼ੰਡਾਂ ਦੇ ਕਰੀਬ 2880 ਕਰੋੜ ਦੇ ਬਕਾਏ ਕੇਂਦਰ ਸਰਕਾਰ ਵੱਲ ਖੜ੍ਹੇ ਹਨ।

ਮੁੱਖ ਮੰਤਰੀ ਨੇ ਪਹਿਲਾਂ 19 ਮਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਸੀ ਜਿਸ ਵਿਚ ਕੌਮੀ ਸੁਰੱਖਿਆ ਦੇ ਮਾਮਲੇ ’ਤੇ ਚਰਚਾ ਹੋਈ ਸੀ। ਮੁੱਖ ਮੰਤਰੀ ਅਮਿਤ ਸ਼ਾਹ ਨੂੰ ਪੇਂਡੂ ਵਿਕਾਸ ਫ਼ੰਡਾਂ ਨੂੰ ਫ਼ੌਰੀ ਰਿਲੀਜ਼ ਕਰਨ ਬਾਰੇ ਦਬਾਅ ਪਾਉਣਗੇ। ਕੇਂਦਰ ਸਰਕਾਰ ਨੇ ਪੇਂਡੂ ਵਿਕਾਸ ਫ਼ੰਡਾਂ ਦਾ ਮਾਮਲਾ ਕਰੀਬ ਦੋ ਵਰ੍ਹਿਆਂ ਤੋਂ ਲਟਕਿਆ ਹੋਇਆ ਹੈ।

ਪਹਿਲਾਂ ਕੇਂਦਰੀ ਖ਼ੁਰਾਕ ਮੰਤਰਾਲੇ ਨੇ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਪੁਰਾਣੇ ਪੇਂਡੂ ਵਿਕਾਸ ਕੰਮਾਂ ਦਾ ਹਿਸਾਬ-ਕਿਤਾਬ ਦੇਵੇ। ਜਦੋਂ ਚੰਨੀ ਸਰਕਾਰ ਸਮੇਂ ਦੋ ਦਫ਼ਾ ਪੰਜਾਬ ਸਰਕਾਰ ਨੇ ਪੁਰਾਣੇ ਫ਼ੰਡਾਂ ਦਾ ਸਾਰਾ ਲੇਖਾ-ਜੋਖਾ ਦੇ ਦਿੱਤਾ ਸੀ ਤਾਂ ਉਸੇ ਦੌਰਾਨ ਕੇਂਦਰ ਨੇ ਸ਼ਰਤ ਲਗਾ ਦਿੱਤੀ ਸੀ ਕਿ ਪਹਿਲਾਂ ਪੇਂਡੂ ਵਿਕਾਸ ਐਕਟ 1987 ਵਿਚ ਸੋਧ ਕੀਤੀ ਜਾਵੇ।

‘ਆਪ’ ਸਰਕਾਰ ਨੇ ਪੇਂਡੂ ਵਿਕਾਸ ਐਕਟ ਵਿਚ ਵੀ ਸੋਧ ਕਰ ਦਿੱਤੀ ਹੈ ਤੇ ਇਸ ਦੀ ਸੂਚਨਾ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਸੀ। ਉਸ ਮਗਰੋਂ ਵੀ ਪੇਂਡੂ ਵਿਕਾਸ ਫ਼ੰਡ ਜਾਰੀ ਨਹੀਂ ਕੀਤੇ ਹਨ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਦਬਾਅ ਬਣਾ ਰਹੀ ਹੈ ਕਿ ਪੰਜਾਬ ਸਰਕਾਰ ਪੇਂਡੂ ਵਿਕਾਸ ਫ਼ੰਡ 3 ਫ਼ੀਸਦੀ ਤੋਂ ਘਟਾ ਕੇ 2 ਫ਼ੀਸਦੀ ਕਰੇ। ਮੁੱਖ ਮੰਤਰੀ ਦੀਆਂ ਮੀਟਿੰਗਾਂ ਵਿਚ ਕੇਂਦਰੀ ਮੰਤਰੀ ਇਨ੍ਹਾਂ ਫ਼ੰਡਾਂ ਵਿੱਚ ਇੱਕ ਫ਼ੀਸਦੀ ਦੀ ਕਟੌਤੀ ਸ਼ਰਤ ਵੀ ਰੱਖ ਸਕਦੇ ਹਨ।