ਜਲੰਧਰ ਦੇ ਨਕੋਦਰ ‘ਚ ਬੀਤੀ ਰਾਤ 30 ਲੱਖ ਦੀ ਫਿਰੌਤੀ ਨਾ ਦੇਣ ‘ਤੇ ਗੋਲੀਆਂ ਮਾਰ ਕੇ ਕਤਲ ਕੀਤੇ ਕੱਪੜਾ ਵਪਾਰੀ ਦੇ ਜ਼ਖ਼ਮੀ ਹੋਏ ਗੰਨਮੈਨ ਮਨਦੀਪ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੰਜਾਬ ਸਰਕਾਰ ਨੇ ਕਾਂਸਟੇਬਲ ਮਨਦੀਪ ਸਿੰਘ ਦੇ ਵਾਰਿਸਾਂ ਨੂੰ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਐਚਡੀਐਫਸੀ ਬੈਂਕ ਵੱਲੋਂ ਵੀ 1 ਕਰੋੜ ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿਹਾ ਕਿ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਨੂੰ ਸਲਾਮ, ਜਿਨ੍ਹਾਂ ਨੇ ਡਿਊਟੀ ਦੌਰਾਨ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਅਦਾਇਗੀ ਕਰੇਗੀ ਤੇ ਐਚਡੀਐਫਸੀ ਬੈਂਕ ਵੱਲੋਂ 1 ਕਰੋੜ ਰੁਪਏ ਦਾ ਹੋਰ ਬੀਮਾ ਭੁਗਤਾਨ ਕੀਤਾ ਜਾਵੇਗਾ।
ਜ਼ਿਕਰ ਕਰ ਦਈਏ ਕਿ ਜਲੰਧਰ ਦੇ ਹਲਕਾ ਨਕੋਦਰ ‘ਚ 30 ਲੱਖ ਦੀ ਫਿਰੌਤੀ ਨਾ ਦੇਣ ‘ਤੇ ਦੇਰ ਸ਼ਾਮ ਇੱਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਕਾਂਡ ‘ਚ ਕੱਪੜਾ ਕਾਰੋਬਾਰੀ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਮਾਰੀ ਗਈ ਸੀ। ਜਿਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਉਰਫ਼ ਟਿੰਪੀ ਨੇ 30 ਲੱਖ ਰੁਪਏ ਫਿਰੌਤੀ ਮੰਗਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।
ਪੰਜਾਬ ਵਿੱਚ ਫਿਰੌਤੀ ਦੇ ਨਾਮ ‘ਤੇ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦੀ ਇੱਕ ਮਿਸਾਲ ਅੱਜ ਹਲਕਾ ਨਕੋਦਰ, ਜਲੰਧਰ ਵਿੱਚ ਦੇਖਣ ਨੂੰ ਮਿਲੀ। ਜਿੱਥੇ 30 ਰੁਪਏ ਦੀ ਫਿਰੌਤੀ ਨਾ ਦੇਣ ‘ਤੇ ਤਿੰਨ ਤੋਂ ਚਾਰ ਮੁਲਜ਼ਮਾਂ ਨੇ ਬਾਜ਼ਾਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਪੀ ਨੂੰ ਗੋਲੀਆਂ ਮਾਰ ਦਿੱਤੀਆਂ। ਮੁਲਜ਼ਮਾਂ ਨੇ ਕੱਪੜਾ ਵਪਾਰੀ ਨਾਲ ਪੁਲੀਸ ਸੁਰੱਖਿਆ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਕਤਲ ਕਰ ਦਿੱਤਾ।