05/18/2024 11:20 PM

ਅਦਾਲਤ ’ਚ ਪੇਸ਼ੀ ਤੋਂ ਬਾਅਦ 2 ਕੈਦੀਆਂ ਨੇ ਪੁਲਿਸ ਵਾਲਿਆਂ ਦੀਆਂ ਪਵਾ ਦਿੱਤੀਆਂ ਭਾਜੜਾਂ

ਲੁਧਿਆਣਾ -ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਸੁਰਖੀਆਂ ’ਚ ਰਹਿੰਦੀਆਂ ਹਨ, ਇਸ ਵਾਰ 2 ਕੈਦੀਆਂ ਕਾਰਨ ਲੁਧਿਆਣਾ ਦੀ ਜੇਲ੍ਹ ਸੁਰਖੀਆਂ ’ਚ ਹੈ। ਦਰਅਸਲ ਅਦਾਲਤ ’ਚ ਪੇਸ਼ੀ ਤੋਂ ਬਾਅਦ ਜਦੋਂ ਬੱਸ ਕੈਦੀਆਂ ਨੂੰ ਵਾਪਸ ਜੇਲ੍ਹ ਵੱਲ ਲਿਜਾ ਰਹੀ ਸੀ, ਤਾਂ 2 ਕੈਦੀ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਬੱਸ ’ਚੋਂ ਫ਼ਰਾਰ ਹੋ ਗਏ।

ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਫ਼ੁਰਤੀ ਵਿਖਾਉਂਦਿਆ 1 ਕੈਦੀ ਨੂੰ ਕਾਬੂ ਕਰ ਲਿਆ, ਜਦੋਂਕਿ ਦੂਜਾ ਭੱਜਣ ’ਚ ਕਾਮਯਾਬ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਵੇਂ ਹੀ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਐੱਨ. ਡੀ. ਪੀ. ਐੱਸ (NDPS) ਐਕਟ ਤਹਿਤ ਮਾਮਲੇ ਦਰਜ ਹਨ।

ਦੱਸਿਆ ਜਾ ਰਿਹਾ ਹੈ ਬੱਸ ’ਚ ਕੁੱਲ 37 ਕੈਦੀ ਸਵਾਰ ਸਨ, ਅਦਾਲਤ ’ਚ ਪੇਸ਼ੀ ਤੋਂ ਬਾਅਦ ਸਾਰੇ ਕੈਦੀਆਂ ਨੂੰ ਬੱਸ ’ਚ ਬਿਠਾ ਜਦੋਂ ਸ਼ਾਮ ਨੂੰ ਜੇਲ੍ਹ ਵੱਲ ਰਵਾਨਾ ਹੋਏ। ਤਾਂ ਪਹਿਲਾਂ ਤੋਂ ਹੀ ਭੱਜਣ ਦੀ ਯੋਜਨਾ ਬਣਾਈ ਬੈਠੇ ਕੈਦੀਆਂ ਨੇ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰਿਆ ਅਤੇ ਚੱਲਦੀ ਬੱਸ ’ਚੋਂ ਛਾਲ ਮਾਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਬੱਸ ’ਚੋਂ ਉਤਰ ਭੱਜ ਰਹੇ ਕੈਦੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਹਰਜਿੰਦਰ ਸਿੰਘ ਨਾਮ ਦੇ ਕੈਦੀ ਨੂੰ ਦਬੋਚ ਲਿਆ, ਪਰ ਦੂਜਾ ਕੈਦੀ ਦੀਪਕ ਚਲਾਕੀ ਨਾਲ ਜੇ. ਐੱਮ. ਡੀ. ਮੌਲ ਨੇੜੇ ਤੰਗ ਗਲ਼ੀਆਂ ਦਾ ਫ਼ਾਇਦਾ ਚੁੱਕਦਿਆਂ ਭੱਜਣ ’ਚ ਕਾਮਯਾਬ ਹੋ ਗਿਆ। ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਘਟਨਾ ਦੀ ਜਾਣਕਾਰੀ ਜੇਲ੍ਹ ਸੁਪਰਡੈਂਟ (Jail Superintendent) ਨੂੰ ਦਿੱਤੀ, ਜਿਸ ਤੋਂ ਬਾਅਦ ਸਬੰਧਤ ਥਾਣੇ ’ਚ ਫ਼ਰਾਰ ਹੋਏ ਕੈਦੀ ਬਾਰੇ ਰਿਪੋਰਟ ਦਰਜ ਕਰਵਾਈ ਗਈ।