ਯੂ.ਕੇ. ‘ਚ ਪੈਂਦੇ ਜਰਸੀ ਦੀ ਰਾਜਧਾਨੀ ਸੇਂਟ ਹੇਲੀਅਰ ਵਿੱਚ ਇੱਕ ਫ਼ਲੈਟਾਂ ਦੇ ਬਲਾਕ ਵਿੱਚ ਸ਼ਨੀਵਾਰ ਨੂੰ ਹੋਏ ਇੱਕ ‘ਤਬਾਹਕੁੰਨ’ ਧਮਾਕੇ ‘ਚ, ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ।
ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਐਮਰਜੈਂਸੀ ਸੇਵਾਵਾਂ ਹਾਲੇ ਵੀ ਮੌਕੇ ‘ਤੇ ‘ਮਹੱਤਵਪੂਰਨ ਕੰਮ’ ਕਰ ਰਹੀਆਂ ਹਨ, ਪੁਲਿਸ ਨੇ ਕਿਹਾ।
ਜਰਸੀ ਦੇ ਪੁਲਿਸ ਮੁਖੀ ਰੌਬਿਨ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ 4:00 ਵਜੇ ਹੋਏ ਧਮਾਕੇ ਤੋਂ ਪਹਿਲਾਂ, ਇਲਾਕਾ ਨਿਵਾਸੀਆਂ ਵੱਲੋਂ ਗੈਸ ਦੀ ਬਦਬੂ ਆਉਣ ਦੀ ਸੂਚਨਾ ਦਿੱਤੀ ਗਈ, ਅਤੇ ਅੱਗ ਬੁਝਾਊ ਦਸਤੇ ਮੌਕੇ ‘ਤੇ ਇਕੱਤਰ ਹੋ ਗਏ।
ਧਮਾਕੇ ‘ਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਣ ਦੀ ਗੱਲ ਕਹੀ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ, “ਨੇੜਲਿਆਂ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਹ ਇਨ੍ਹਾਂ ਹੀ ਫ਼ਲੈਟਾਂ ਦਾ ਇੱਕ ਹੋਰ ਬਲਾਕ ਹੈ, ਜਿਸ ਨੂੰ ਅੱਗ ਤੋਂ ਸੁਰੱਖਿਅਤ ਬਣਾਏ ਜਾਣ ਦੀ ਲੋੜ ਹੈ। ਇੱਥੇ ਦਾ ਦ੍ਰਿਸ਼ ਬੜਾ ਵਿਨਾਸ਼ਕਾਰੀ ਹੈ, ਅਤੇ ਮੈਨੂੰ ਅਫ਼ਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ।”
ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਈਆਂ ਤਸਵੀਰਾਂ ‘ਚ ਦਿਨ ਚੜ੍ਹਨ ਤੋਂ ਪਹਿਲਾਂ ਸੇਂਟ ਹੈਲੀਅਰ ‘ਚ ਅੱਗ ਦੇ ਉੱਪਰ ਸੰਘਣਾ ਧੂੰਆਂ ਨਿੱਕਲਦਾ ਦੇਖਿਆ ਜਾ ਸਕਦਾ ਹੈ।