ਲੁਧਿਆਣਾ ਸ਼ਹਿਰ ਵਿੱਚ ਜ਼ਿਆਦਾ ਪਾਰਕਿੰਗ ਫੀਸ ਲੈਣ ਦਾ ਮੁੱਦਾ ਮੁੜ ਭਖ਼ ਗਿਆ ਹੈ। ਪਾਰਕਿੰਗ ਫੀਸ ਖ਼ਿਲਾਫ਼ ਦੁਕਾਨਦਾਰਾਂ ਨੇ ਮੰਗਲਵਾਰ ਨੂੰ ਦੁਕਾਨਾਂ ਬੰਦ ਕਰਕੇ ਨਗਰ ਨਿਗਮ ਏ ਜ਼ੋਨ ਦੇ ਬਾਹਰ ਮਾਤਾ ਰਾਣੀ ਚੌਕ ਸਥਿਤ ਮਲਟੀ ਸਟੋਰੀ ਪਾਰਕਿੰਗ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਮੈਂਬਰਾਂ ਦੀ ਅਗਵਾਈ ਵਿੱਚ ਦੁਕਾਨਦਾਰਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਦੁਕਾਨਦਾਰਾਂ ਨੇ ਦੋਸ਼ ਲਗਾਏ ਕਿ ਲਗਾਤਾਰ ਉਨ੍ਹਾਂ ਨਾਲ ਪਾਰਕਿੰਗ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਨਾਜਾਇਜ਼ ਪੈਸੇ ਵਸੂਲੇ ਜਾ ਰਹੇ ਹਨ। ਉਹ ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ, ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਦੁਕਾਨਦਾਰਾਂ ਦੇ ਦੁਕਾਨਾਂ ਬੰਦ ਕਰਨ ਪ੍ਰਦਰਸ਼ਨ ਕਰਨ ਦੀ ਖ਼ਬਰ ਮਿਲਦੇ ਹੀ ਮੌਕੇ ’ਤੇ ਮੇਅਰ ਬਲਕਾਰ ਸਿੰਘ ਸੰਧੂ ਪੁੱਜ ਗਏ। ਉਨ੍ਹਾਂ ਨੇ ਦੁਕਾਨਦਾਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਦੁਕਾਨਦਾਰਾਂ ਨੇ ਦੋਸ਼ ਲਗਾਏ ਕਿ ਨਗਰ ਨਿਗਮ ਵਿੱਚ ਪਾਰਕਿੰਗ ਦਾ ਠੇਕਾ ਦੇਣ ਲੱਗੇ ਵੱਡਾ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਿਵੇਂ ਸੰਭਵ ਹੋਇਆ ਕਿ ਇੱਕੋ ਹੀ ਪਾਰਕਿੰਗ ਦੇ ਠੇਕੇਦਾਰ ਨੂੰ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਦੇ ਠੇਕੇ ਦੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਇਹ ਠੇਕੇਦਾਰ ਆਪਣੀ ਦਾਦਾਗਿਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਨਾਲ ਨਾਲ ਇਹ ਠੇਕੇਦਾਰ ਸੜਕਾਂ ’ਤੇ ਵੀ ਮੋਟਰਸਾਈਕਲ ਸਕੂਟਰ ਖੜ੍ਹੇ ਕਰਨ ਦੇ ਪੈਸੇ ਲਈ ਜਾ ਰਿਹਾ ਹੈ।
ਠੇਕੇਦਾਰ ਦੇ ਸਿਆਸੀ ਸਬੰਧ ਹਨ, ਇਸ ਕਰ ਕੇ ਨਗਰ ਨਿਗਮ ਦੇ ਮੁਲਾਜ਼ਮ ਤੇ ਅਧਿਕਾਰੀ ਵੀ ਉਸ ’ਤੇ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਪਾਰਕਿੰਗ ਦਾ ਬੁਰਾ ਹਾਲ ਹੈ, ਫਿਰ ਵੀ ਉਸ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਏ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਤੈਅ ਰੇਟ ਨਾਲੋਂ ਜ਼ਿਆਦਾ ਪੈਸੇ ਲੈ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।