ਵਿਦੇਸ਼ਾਂ ਵਿੱਚ ਬੈਠ ਗੈਂਗਸਟਰ ਪੰਜਾਬ ਵਿੱਚ ਦਹਿਸ਼ਤ ਮਚਾ ਰਹੇ ਹਨ। ਤਾਜ਼ਾ ਖੁਲਾਸਾ ਨਕੋਦਰ ’ਚ ਵਪਾਰੀ ਦੀ ਹੱਤਿਆ ਦੇ ਕੇਸ ਵਿੱਚ ਹੋਇਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਹੈ। ਯਾਦਵ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਸਰਗਨਾ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ ਅਮਨ ਹੈ, ਜੋ ਨਕੋਦਰ ਦਾ ਮੂਲ ਨਿਵਾਸੀ ਹੈ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਾਤਲ ਵਿਦੇਸ਼ਾਂ ਵਿੱਚ ਹੀ ਬੈਠੇ ਹਨ। ਇਸ ਤੋਂ ਇਲਾਵਾ ਹੋਰ ਕਤਲ ਕੇਸਾਂ ਵਿੱਚ ਵੀ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦਾ ਨਾਂ ਗੂੰਜਿਆ ਹੈ। ਇਸ ਤੋਂ ਤੈਅ ਹੈ ਕਿ ਵਿਦੇਸ਼ਾਂ ’ਚ ਬੈਠੇ ਅਪਰਾਧੀਆਂ ਦਾ ਨੈੱਟਵਰਕ ਪੰਜਾਬ ਲਈ ਖ਼ਤਰਾ ਬਣਿਆ ਹੋਇਆ ਹੈ।
ਅਹਿਮ ਗੱਲ ਇਹ ਵੀ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਭਾਰਤ ਲਿਆਉਣ ਵਿੱਚ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁਲਜ਼ਮ ਗੋਲਡੀ ਬਰਾੜ ਨੂੰ ਅਜੇ ਤੱਕ ਭਾਰਤ ਨਹੀਂ ਲਿਆਂਦਾ ਜਾ ਸਕਿਆ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕੇਸ ’ਚ ਨਾਮਜ਼ਦ ਤਿੰਨ ’ਚੋਂ ਦੋ ਵਿਅਕਤ ਵਿਦੇਸ਼ ’ਚ ਬੈਠੇ ਹਨ ਤੇ ਉਨ੍ਹਾਂ ਖ਼ਿਲਾਫ਼ ਅਜੇ ਕੋਈ ਕਾਰਵਾਈ ਨਹੀਂ ਹੋਈ।
ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਨੌਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ, ਵਰਲਡ ਕਬੱਡੀ ਡੋਪਿੰਗ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਤੇ ਰਾਇਲ ਕਿੰਗਜ਼ ਕਬੱਡੀ ਕਲੱਬ ਦੇ ਮਾਲਕ ਸਰਬਜੀਤ ਸਿੰਘ ਥਿਆੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਚੱਠਾ ਮੁਹਾਲੀ ’ਚ, ਮਾਨ ਕੈਨੇਡਾ ਤੇ ਥਿਆੜਾ ਅਮਰੀਕਾ ’ਚ ਰਹਿੰਦਾ ਹੈ।
ਹੁਣ ਅਮਨਦੀਪ ਪੁਰੇਵਾਲਾ ਦਾ ਨਾਂ ਸਾਹਮਣੇ ਆਇਆ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਪੁਰੇਵਾਲ ਪਿਛਲੇ 10-12 ਸਾਲਾਂ ਤੋਂ ਅਮਰੀਕਾ ’ਚ ਰਹਿ ਰਿਹਾ ਹੈ ਤੇ ਉਸ ਨੇ ਫਿਰੌਤੀ ਦੀ ਯੋਜਨਾ ਬਣਾਈ ਸੀ। ਉਸ ਖ਼ਿਲਾਫ਼ ਪਹਿਲਾਂ ਕੋਈ ਐਫਆਈਆਰ ਦਰਜ ਨਹੀਂ। ਉਹ ਇਸ ਸਾਲ ਮਾਰਚ ’ਚ ਆਪਣੇ ਪਿੰਡ ਆਇਆ ਸੀ ਤੇ ਉਥੇ ਹੀ ਫਿਰੌਤੀ ਵਸੂਲਣ ਦੀ ਯੋਜਨਾ ਘੜੀ ਗਈ ਸੀ।
ਪੁਰੇਵਾਲ ਤੇ ਗਿੰਦਾ ਇਕੋ ਪਿੰਡ ਮਾਲੜੀ ਨਾਲ ਸਬੰਧਤ ਹਨ। ਫੋਨ ’ਤੇ ਚਾਵਲਾ ਨੂੰ ਮਿਲੀ ਧਮਕੀ ਮਗਰੋਂ ਪੁਲਿਸ ਵੱਲੋਂ ਆਵਾਜ਼ ਦੇ ਅਧਿਐਨ ਨਾਲ ਪੁਰੇਵਾਲ ਦਾ ਭੇਤ ਖੁੱਲ੍ਹਿਆ। ਪੁਲਿਸ ਇਹ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੋਰ ਕਿੰਨੇ ਲੋਕਾਂ ਨੂੰ ਫਿਰੌਤੀ ਲਈ ਕਾਲਾਂ ਕੀਤੀਆਂ ਗਈਆਂ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਕੋਦਰ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਖੁਸ਼ਕਰਨ ਸਿੰਘ ਉਰਫ਼ ਫ਼ੌਜੀ ਵਾਸੀ ਪਿੰਡ ਨੰਗਲਾ ਜ਼ਿਲ੍ਹਾ ਬਠਿੰਡਾ, ਕਮਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਵੇਹਣ ਦੀਵਾਨ ਜ਼ਿਲ੍ਹਾ ਬਠਿੰਡਾ ਤੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਾਸੀ ਜੱਸੀ ਪੌਅ ਵਾਲੀ ਬਠਿੰਡਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਮੌਕੇ ਵਰਤਿਆ ਗਿਆ .30 ਬੋਰ ਦਾ ਪਿਸਤੌਲ ਤੇ ਰੇਕੀ ਕਰਨ ਲਈ ਵਰਤੀ ਗਈ ਸਫ਼ਾਰੀ ਗੱਡੀ ਵੀ ਬਰਾਮਦ ਕੀਤੀ ਹੈ।