ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਅੱਜ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ, ਜੋ ਕੁੱਕੜਾਂ ਦੀ ਲੜਾਈ ਦੇ ਨਾਮ ‘ਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਤੱਕ ਦੀਆਂ ਸ਼ਰਤਾਂ ਲਾਉਂਦਾ ਸੀ। ਮੁਲਜ਼ਮ ਇਸ ਇਨਾਮੀ ਰਾਸ਼ੀ ਦਾ 10 ਫੀਸਦੀ ਪੁਲੀਸ ਦੇ ਨਾਂ ’ਤੇ ਕੱਢਵਾ ਕੇ ਠੱਗੀ ਮਾਰਦੇ ਸਨ। ਮੌਕੇ ਤੋਂ 20 ਤੋਂ ਵੱਧ ਲੜਾਕੂ ਕੁੱਕੜ ਬਰਾਮਦ ਹੋਏ।
ਦੋਸ਼ੀ ਫਰਾਰ, 20 ਮੁਰਗੇ ਕਾਬੂ
ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਅਲਾਵਲਪੁਰ ਦੇ ਇੱਟਾਂ ਦੇ ਭੱਠੇ ਨੇੜੇ ਦੱਸੀ ਜਗ੍ਹਾ ‘ਤੇ ਛਾਪਾ ਮਾਰਿਆ, ਜਿੱਥੇ ਕੁੱਕੜਾਂ ਦੀ ਲੜਾਈ ਦਾ ਕੰਮ ਚੱਲ ਰਿਹਾ ਸੀ। ਪਰ ਦੋਸ਼ੀ 20 ਤੋਂ ਵੱਧ ਮੁਰਗਿਆਂ ਨੂੰ ਮੌਕੇ ‘ਤੇ ਹੀ ਛੱਡ ਕੇ ਭੱਜਣ ‘ਚ ਕਾਮਯਾਬ ਹੋ ਗਏ। ਜਿੰਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਸਬੰਧੀ ਥਾਣਾ ਤਿੱਬੜ ਵਿੱਚ ਮੁੱਖ ਮੁਲਜ਼ਮ ਕਾਕਾ ਵਾਸੀ ਪਿੰਡ ਲੇਹਲ ਅਤੇ ਪਵਨਪ੍ਰੀਤ ਸਿੰਘ ਉਰਫ਼ ਟੀਟੂ ਵਾਸੀ ਪਿੰਡ ਬੌਲੀ ,ਇੰਦਰਜੀਤ ਸਿੰਘ ਸਮੇਤ 20 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਪੰਛੀਆਂ ’ਤੇ ਅੱਤਿਆਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।