ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਅੱਜ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਵਿਖੇ ਜਾ ਕੇ ਸਮਾਪਤ ਹੋਏਗਾ। ਸ਼ਹੀਦੀ ਸਭਾ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਹਨ।
ਦੱਸ ਦਈਏ ਕੇ ਪਿਛਲੇ ਤਿੰਨ ਦਿਨਾਂ ਤੋਂ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਨ ਟੋਡਰ ਮੱਲ ਹਾਲ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਾਹਰ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਹਨ ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕਥਾ ਵਾਚਕ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਜੀਵਨ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ, ਪ੍ਰਸ਼ਾਸਨ, ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡੇ ਪੱਧਰ ’ਤੇ ਲੰਗਰ, ਮੈਡੀਕਲ, ਰਿਹਾਇਸ਼ ਤੇ ਧਾਰਮਿਕ ਸਾਹਿਤ ਪ੍ਰਦਰਸ਼ਨੀਆਂ ਦੇ ਪ੍ਰਬੰਧ ਕੀਤੇ ਗਏ। ਇਸੇ ਤਰ੍ਹਾਂ ਆਮ ਖਾਸ ਬਾਗ਼ ਸਰਹਿੰਦ ਵਿੱਚ ਸ਼ਹੀਦੀ ਸਭਾ ਨੂੰ ਮੁੱਖ ਰੱਖ ਕੇ ‘ਲਾਈਟ ਐਂਡ ਸਾਊਂਡ’ ਸ਼ੋਅ ‘ਜਿੰਦਾਂ ਨਿੱਕੀਆਂ’ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ਦੌਰਾਨ ਸਵ: ਡਾ. ਹਰਚਰਨ ਸਿੰਘ ਲਾਟਾ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਉੱਪਰ ਲਿਖੇ ਨਾਟਕ ‘ਜਿੰਦਾਂ ਨਿੱਕੀਆਂ’ ਦੀ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਵਿਲੱਖਣ ਪੇਸ਼ਕਾਰੀ ਦਿੱਤੀ ਗਈ। ਇਸ ਨੂੰ ਨਿਰਮਾਤਾ ਤੇ ਨਿਰਦੇਸ਼ਕ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ। ਸ਼ੋਅ ਦਾ ਵੱਡੀ ਗਿਣਤੀ ਵਿੱਚ ਸੰਗਤ ਨੇ ਆਨੰਦ ਮਾਣਿਆ।
ਦਸਤਾਰਾਂ ਦਾ ਲੰਗਰ ਲਗਾਇਆ
ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਸਭਾ ਦੌਰਾਨ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੋਰਾਹਾ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਦੌਰਾਨ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸ਼ਿਰਕਤ ਕਰਦਿਆਂ ਇਸ ਕਾਰਜ ਦੀ ਸ਼ਲਾਘਾ ਕੀਤੀ।
ਹਰਭਜਨ ਸਿੰਘ ਦੋਰਾਹਾ ਤੇ ਜਗਜੀਤ ਸਿੰਘ ਦੋਰਾਹਾ ਨੇ ਦੱਸਿਆ ਕਿ 350 ਦਸਤਾਰਾਂ ਵੰਡੀਆਂ ਗਈਆਂ ਤੇ 400 ਲੋੜਵੰਦ ਪਰਿਵਾਰਾਂ ਨੂੰ ਕੱਪੜੇ ਦਿੱਤੇ ਗਏ। ਇਸ ਤੋਂ ਇਲਾਵਾ ‘ਗੁਰਬਾਣੀ ਸੁਣਾਓ, ਇਨਾਮ ਪਾਓ’ ਵਿੱਚ 80 ਬੱਚਿਆਂ ਨੂੰ ਇਨਾਮ ਵੰਡੇ ਗਏ। ਲੰਗਰ ਸੇਵਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੋਰਾਹਾ, ਮਾਤਾ ਗੁਜਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੋਰਾਹਾ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।