ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਵਿੱਚ ਚੱਲ ਰਹੇ 27 ਮੋਰਚੇ ਅੱਜ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਕੀਤੇ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਵਿੱਚ ਲਗਾਏ ਗਏ 27 ਮੋਰਚਿਆਂ ਵਿੱਚ ਅੱਜ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਮੇਂ ਦੇ ਹਾਕਮਾਂ ਦੇ ਜਬਰ ਜ਼ੁਲਮ ਖਿਲਾਫ਼ ਲੋਕ ਯੁੱਧ ਨੂੰ ਤੇਜ਼ ਕਰਨ ਤੇ ਅਖ਼ੀਰ ਤੱਕ ਲੜਨ ਦੇ ਪ੍ਰਣ ਲਏ ਜਾ ਰਹੇ ਹਨ।
ਦੱਸ ਦਈੇ ਕਿ ਪੰਜਾਬ ਵਿੱਚ 18 ਟੌਲ ਪਲਾਜ਼ਿਆਂ ’ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚਿਆਂ ਤਹਿਤ ਅੱਜ ਵੀ ਟੌਲ ਕੰਪਨੀਆਂ ਦੀ ਕਮਾਈ ਬੰਦ ਹੈ। ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨ ਬਜ਼ੁਰਗ, ਬੀਬੀਆਂ ਤੇ ਨੌਜਵਾਨ ਟੌਲ ਦੇ ਨਾਂ ’ਤੇ ਆਮ ਲੋਕਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਡਟੇ ਹੋਏ ਹਨ। ਇਸ ਨੂੰ ਵੇਖ ਲੱਗਦਾ ਹੈ ਕਿ ਆਖਰ ਇਹ ਅੰਨ੍ਹਦਾਤਾ ਕਿਸ ਮਿੱਟੀ ਦਾ ਬਣਿਆ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਟੌਲ ਪਲਾਜ਼ਿਆਂ ਉੱਤੇ ਲੱਗੇ ਪੱਕੇ ਮੋਰਚੇ ਦੇ 15ਵੇਂ ਦਿਨ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਲੱਗੇ ਪੱਕੇ ਮੋਰਚਿਆਂ ਦੇ 34ਵੇਂ ਦਿਨ ਹਜ਼ਾਰਾਂ ਕਿਸਾਨ-ਮਜ਼ਦੂਰ ਸ਼ਮੂਲੀਅਤ ਕਰ ਰਹੇ ਹਨ।
ਪੱਕੇ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੇਸ਼ ਵਿੱਚ ਨਵ-ਆਧਾਰਵਾਦੀ ਨੀਤੀਆਂ ਕਰਕੇ ਮਹਿੰਗਾਈ, ਬੇਰੁਜ਼ਗਾਰੀ ਛੜੱਪੇ ਮਾਰ ਕੇ ਵੱਧ ਰਹੀ ਹੈ, ਬੈਂਕ ਦੀਵਾਲੀਆ ਹੋਣ ਕੰਢੇ ਪੁੱਜ ਗਏ ਹਨ ਤੇ ਬੈਂਕਾਂ ਦੀ ਡਿਫਾਲਟਰ ਸੂਚੀ 18 ਲੱਖ ਕਰੋੜ ਰੁਪਏ ਨੇੜੇ ਪੁੱਜ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਥਿਤੀ ਜੀਐਸਟੀ ਰਾਹੀਂ ਵਸੂਲੇ ਜਾ ਰਹੇ ਟੈਕਸ ਵਿੱਚੋਂ ਰਾਜਾਂ ਦਾ ਬਣਦਾ 42 ਫੀਸਦ ਹਿੱਸਾ ਦੇਣ ਦੀ ਵੀ ਨਹੀਂ ਹੈ ਤੇ ਉਕਤ ਟੈਕਸ ਦੇਣ ਲਈ ਰਾਜਾਂ ਨੂੰ ਰਿਜ਼ਰਵ ਬੈਂਕ ਤੋਂ ਕਰਜ਼ਾ ਲੈਣ ਵਾਸਤੇ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਿਜ਼ਰਵ ਬੈਂਕ ਕੋਲ ਨਵੀਂ ਕਰੰਸੀ ਛਾਪਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ, ਜਿਸ ਨਾਲ ਮਹਿੰਗਾਈ ਹੋਰ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ ਹਨ।