ਨਵੀਂ ਦਿੱਲੀ : ਗਾਂਬੀਆ ’ਚ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੀ ਕਫ ਸਿਰਪ ਨਾਲ ਕਥਿਤ ਤੌਰ ’ਤੇ 66 ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਉਜ਼ਬੇਕਿਸਤਾਨ ਨੇ ਵੀ ਦੋਸ਼ ਲਾਇਆ ਹੈ ਕਿ ਇਕ ਭਾਰਤੀ ਫਾਰਮਾਸਿਊਟੀਕਲ ਫਰਮ ਦੀ ਕਫ ਸਿਰਪ ਨਾਲ ਉਸ ਦੇ ਦੇਸ਼ ਵਿਚ 18 ਬੱਚਿਆਂ ਦੀ ਮੌਤ ਹੋ ਗਈ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਭਾਰਤੀ ਦਵਾ ਫਰਮ ਮੈਰੀਅਨ ਬਾਇਓਟੈੱਕ ਲਿਮਟਿਡ ਵੱਲੋਂ ਬਣਾਇਆ ਡਾਕ1 ਮੈਕਸ ਕਫ ਸਿਰਪ ਦੇ ਸੇਵਨ ਨਾਲ ਇਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ। ਇਸ ਦੌਰਾਨ ਡਬਲਯੁਐਚਓ ਨੇ ਉਜ਼ਬੇਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਸ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਾਂਚ ਵਿਚ ਹਰ ਸੰਭਵ ਮਦਦ ਕਰੇਗਾ। ਓਧਰ ਭਾਰਤ ’ਚ ਸੀਡੀਐੱਸਸੀਓ ਦੇ ਸੂਤਰਾਂ ਨੇ ਕਿਹਾ ਹੈ ਕਿ ਉਹ ਉਜ਼ਬੇਕਿਸਤਾਨ ਦੇ ਦਾਅਵੇ ਦੀ ਜਾਂਚ ਕਰੇਗਾ। ਇੱਥੇ ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੰਸਦ ’ਚ ਕੇਂਦਰ ਸਰਕਾਰ ਨੇ ਸਾਫ ਕੀਤਾ ਸੀ ਕਿ ਗਾਂਬੀਆ ’ਚ ਭਾਰਤੀ ਫਾਰਮਾਸਿਊਟੀਕਲ ਫਰਮ ਮੇਡੇਨ ਦੀ ਜਿਸ ਕਫ ਸਿਰਪ ਨਾਲ ਕਥਿਤ ਤੌਰ ’ਤੇ 66 ਬੱਚਿਆਂ ਦੀ ਮੌਤ ਦੀ ਗੱਲ ਕਹੀ ਜਾ ਰਹੀ ਸੀ, ਜਾਂਚ ਦੌਰਾਨ ਪਾਇਆ ਗਿਆ ਕਿ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਸੀ।