05/14/2024 1:42 PM

ਗੁਰਮੁੱਖ ਧਾਲੀਵਾਲ ਵੱਲੋਂ ਆਤਮਦਾਹ ਦੇ ਮਾਮਲੇ ‘ਚ ਪੁਲਿਸ ਮੁਲਾਜ਼ਮਾਂ ਖਿਲਾਫ ਐਕਸ਼ਨ

ਗੁਰਮੁੱਖ ਸਿੰਘ ਧਾਲੀਵਾਲ ਵੱਲੋਂ ਆਤਮਦਾਹ ਕਰਨ ਦੇ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਐਕਸ਼ਨ ਲਿਆ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਵਾਉਣ ਸਮੇਤ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਦਿਆਂ, ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।

ਦੱਸ ਦਈਏ ਕਿ ਮ੍ਰਿਤਕ ਦੇ ਭਰਾ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਚ ਇੰਸਪੈਕਟਰ ਗੁਰਇਕਬਾਲ ਸਿੰਘ, ਥਾਣੇਦਾਰ ਰਾਜੇਸ਼ ਤੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਮ ਲਿਖਵਾਏ ਗਏ ਹਨ। ਧਾਲੀਵਾਲ ਨੇ ਪੁਲਿਸ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਆਤਮਦਾਹ ਕਰ ਲਿਆ ਸੀ।

ਇਸ ਮਗਰੋਂ ਗੁਰਮੁਖ ਸਿੰਘ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਬੱਤੀਆਂ ਵਾਲ਼ੇ ਚੌਕ ਵਿੱਚ ਧਰਨਾ ਲਾ ਦਿੱਤਾ ਸੀ। ਧਰਨਾਕਾਰੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ। ਧਰਨੇ ’ਚ ਭਾਜਪਾ ਆਗੂ ਬੀਬਾ ਜੈਇੰਦਰ ਕੌਰ ਨੇ ਵੀ ਸ਼ਿਰਕਤ ਕੀਤੀ ਸੀ।

ਇਸ ਦੇ ਨਾਲ ਹੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਗੁਰਮੁੱਖ ਉਪਰ ਪਟਿਆਲਾ ਵਿੱਚ ਕਈ ਮਾਮਲੇ ਦਰਜ ਸੀ। ਇਰਾਦਾ ਕਤਲ, ਐਨਡੀਪੀਐਸ ਐਕਟ ਤੇ ਹੋਰ ਵੀ ਕਈ ਧਰਾਵਾਂ ਤਹਿਤ ਮਾਮਲੇ ਦਰਜ ਸੀ। ਪੁਲਿਸ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਵਾਲੀ ਗੱਲ ਜੋ ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਕਹੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੇ ਐਸਐਸਪੀ ਪਟਿਆਲਾ ਨੇ ਦੁੱਖ ਜਾਹਿਰ ਕੀਤਾ ਹੈ।

ਦੱਸ ਦਈਏ ਕਿ ਪਟਿਆਲਾ ਦੇ ਸਨੌਰੀ ਅੱਡੇ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਧਾਲੀਵਾਲ ਵੱਲੋਂ ਆਪਣੇ ਆਪ ਨੂੰ ਅੱਗ ਲਾ ਕੇ ਆਤਮਦਾਹ ਕਰਨ ਦਾ ਮਾਮਲਾ ਗਰਮਾ ਗਿਆ ਹੈ। ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਪਟਿਆਲਾ ਚੰਡੀਗੜ੍ਹ ਮਾਰਗ ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ ਗਿਆ ਸੀ।