ਭਾਰਤੀ ਮੌਸਮ ਵਿਭਾਗ ਵੱਲੋਂ ਉਤਰ ਭਾਰਤ ਵਿੱਚ ਅਜੇ ਠੰਢ ਤੋਂ ਰਾਹਤ ਨਾ ਮਿਲਣ ਦੇ ਸੰਕੇਤ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਕੁੱਝ ਦਿਨਾਂ ਦੌਰਾਨ ਧੁੰਦ ਦਾ ਕਹਿਰ ਜਾਰੀ ਰਹੇਗਾ ਅਤੇ ਕੁੱਝ ਇਲਾਕਿਆਂ ਵਿੱਚ ਸ਼ੀਤ ਲਹਿਰ ਦਾ ਜ਼ੋਰ ਰਹਿ ਸਕਦਾ ਹੈ। ਮੌਸਮ ਵਿਗਿਆਨੀ ਅਨੁਸਾਰ ਗੰਗਾ ਨਦੀ ਨਾਲ ਲਗਦੇ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਤੋਂ ਕੋਈ ਰਾਹਤ ਨਹੀਂ ਮਿਲਣ ਦੀ ਸੰਭਾਵਨਾ ਹੈ, ਜਿਸ ਤਹਿਤ ਵਿਭਾਗ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਝਾਰਖੰਡ, ਅਸਾਮ, ਤ੍ਰਿਪੁਰਾ ਵਰਗੇ ਰਾਜਾਂ ਲਈ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਸਿੱਕਮ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਅਗਲੇ 5 ਦਿਨ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 5 ਦਿਨ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ। ਉਤਰਾਖੰਡ ਵਿੱਚ ਅਗਲੇ 48 ਘੰਟਿਆਂ ਵਿੱਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਹੈ।
ਸ਼ੀਤ ਲਹਿਰ ਨੂੰ ਲੈ ਕੇ ਚੇਤਾਵਨੀ
ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ 3 ਤੋਂ 6 ਜਨਵਰੀ 2023 ਤੱਕ ਗੰਭੀਰ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੋਂ ਇਲਾਵਾ 3 ਅਤੇ 4 ਜਨਵਰੀ ਨੂੰ ਪੰਜਾਬ ‘ਚ ਸੀਤ ਲਹਿਰ ਦੀ ਸੰਭਾਵਨਾ ਹੈ। ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਕਈ ਰਾਜਾਂ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ, ਤਾਂ ਜੋ ਕੜਾਕੇ ਦੀ ਠੰਡ ਵਿੱਚ ਬੱਚੇ ਘਰਾਂ ਵਿੱਚ ਹੀ ਰਹਿਣ।