ਜਲੰਧਰ(ਕੁਲਪ੍ਰੀਤ ਸਿੰਘ )– ਸਾਹਿਬ -ਏ -ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਆਗਮਨ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਅੱਜ ਨਿਹੰਗ ਨਿਵਾਸ ਬਸਤੀ ਸ਼ੇਖ,ਜਲੰਧਰ ਵਿਖੇ ਸਮੂਹ ਸਿੰਘ ਸਭਾਵਾਂ ਅਤੇ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦਾ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਧਾਰਮਿਕ ਜੱਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਸਿੰਘ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗ੍ਰੀਨ ਐਵੀਨਿਊ ਕਾਲਾ ਸਿੰਘਾ ਰੋਡ ਦੀਆਂ ਸੰਗਤਾਂ ਨੇ ਸ਼ਾਮਲ ਹੋ ਕੇ ਹਾਜ਼ਰੀ ਲਗਵਾਈ।। ਰਾਗੀ ਸਿੰਘ ਨੇਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ ਦੇਖਣਯੋਗ ਸੀ। ਸੁੰਦਰ ਰਵਾਇਤੀ ਪੋਸ਼ਾਕਾਂ ਵਿਚ ਨਿਹੰਗ ਸਿੰਘ, ਪ੍ਰਬੰਧਕ ਕਮੇਟੀ ਵਲੋਂ ਸਵਾਗਤੀ ਗੇਟ ਗੁਰੂ ਇਤਿਹਾਸ ਦਰਸਾਉਂਦੀ ਪ੍ਰਦਰਸ਼ਨੀ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੀ ਸੀ। ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ‘ਚ ਥਾਂ-ਥਾਂ ਸਵਾਗਤੀ ਗੇਟ ਬਣਾ ਕੇ ਸੰਗਤ ਵਾਸਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਾਏ ਗਏ ਸਨ ਅਤੇ ਵੈਲਕਮ ਪੰਜਾਬ ਨਿਉਜ ਦੇ ਦਫਤਰ ਵਿੱਥੇ ਦੁੱਧ ਦੇ ਲੰਗਰ ਦੀ ਸੇਵਾ ਕੀਤੀ ਗਈ ਬੜੀ ਸ਼ਰਧਾ ਅਤੇ ਭਾਵਨਾ ਨਾਲ ਸੰਗਤ ਨੂੰ ਛਕਾਇਆ ਗਿਆ। ਇਸ ਨਗਰ ਕੀਰਤਨ ਵਿੱਚ ਵਿੱਚ ਜਿਨ੍ਹਾ ਸੰਸਥਾਵਾਂ ਨੇ ਸੇਵਾ ਕੀਤੀ ਉਨ੍ਹਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਕਾਂਗਰਸੀ ਲੀਡਰ ਮਨਜੀਤ ਸਿੰਘ ਟੀਟੂ ਵਲੋਂ ਸੰਗਤਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਆਗਮਨ ਪੂਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਪਾਵਨ ਗੁਰਬਾਣੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਜੀਵਨ ਬਤੀਤ ਕਰੇ। ਇਹ ਨਗਰ ਕੀਰਤਨ ਗੁਰਦੁਆਰਾ ਨਿਹੰਗ ਨਿਵਾਸ ਬਸਤੀ ਸ਼ੇਖ ਤੋਂ ਆਰੰਭ ਹੋ ਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ,ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ ਅਤੇ ਵੱਖ-ਵੱਖ ਇਲਾਕਿਆਂ ’ਚ ਹੁੰਦਾ ਹੋਇਆ ਗੁਰਦੁਆਰਾ ਨਿਹੰਗ ਨਿਵਾਸ ਵਿਖੇ ਆ ਕੇ ਸੰਪੰਨ ਹੋਇਆ।
