05/17/2024 12:33 PM

ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਨੇੜਿਓਂ ਮਿਲੇ ਬੰਬ ਬਾਰੇ ਵੱਡਾ ਖੁਲਾਸਾ

ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਨੇੜੇ ਮਿਲੇ ਬੰਬ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਇਸ ਬੰਬ ਨੂੰ ਫੌਜ ਆਪਣੇ ਨਾਲ ਲੈ ਗਈ ਸੀ। ਇਸ ਬੰਬ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ। ਇਹ ਬੰਬ 60 ਸਾਲ ਪੁਰਾਣਾ ਹੈ। ਇਹ ਬੰਬ ਟੈਂਕਾਂ ਲਈ ਵਰਤਿਆ ਜਾਂਦਾ ਸੀ। ਇਹ ਜਾਣਕਾਰੀ ਚੰਡੀਗੜ੍ਹ ਦੇ ਕਾਰਜਕਾਰੀ ਐਸਐਸਪੀ ਮਨੀਸ਼ ਚੌਧਰੀ ਨੇ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ ’ਤੇ ਕਾਂਸਲ ਤੇ ਨਵਾਂ ਗਾਉਂ ਵਾਲੀ ਸੜਕ ’ਤੇ ਅੰਬਾਂ ਦੇ ਬਾਗ਼ ਵਿੱਚੋਂ ਮਿਲਿਆ ਬੰਬ 60 ਸਾਲ ਪੁਰਾਣਾ ਹੈ। ਇਸ ਨੂੰ ਭਾਰਤੀ ਫ਼ੌਜ ਵੱਲੋਂ ਛੇ ਦਹਾਕੇ ਪਹਿਲਾਂ ਟੈਂਕਾਂ ਲਈ ਵਰਤਿਆ ਜਾਂਦਾ ਸੀ। ਐਸਐਸਪੀ ਮਨੀਸ਼ ਚੌਧਰੀ ਨੇ ਕਿਹਾ ਕਿ ਫ਼ੌਜ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਬੰਬ ਐਕਟਿਵ ਨਹੀਂ, ਜਿਸ ਕਾਰਨ ਨਸ਼ਟ ਨਹੀਂ ਕੀਤਾ ਜਾ ਸਕਿਆ। ਇਹ ਸਿਰਫ਼ ਸਕਰੈਪ ਦਾ ਹਿੱਸਾ ਹੈ।

ਐਸਐਸਪੀ ਨੇ ਕਿਹਾ ਕਿ ਫ਼ੌਜ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਬੰਬ ਭਾਰਤ ਦੀ ਆਰਡੀਨੈਂਸ ਫੈਕਟਰੀ ਵਿੱਚ ਸਾਲ 1963 ਵਿੱਚ ਤਿਆਰ ਕੀਤਾ ਗਿਆ ਸੀ। ਇਸ ਬੰਬ ਸ਼ੈੱਲ ਵਿੱਚ ਬਾਰੂਦ ਨਹੀਂ ਸੀ, ਜਿਸ ਕਰਕੇ ਇਹ ਫਟਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੰਬ ਹੁਣ ਵਰਤੋਂ ਵਿੱਚ ਨਹੀਂ ਲਿਆਂਦੇ ਜਾਂਦੇ। ਇਸ ਨੂੰ ਚਲਾਉਣ ਲਈ ਮਾਉਂਟੇਡ ਵੈਨਲ ਸਿਸਟਮ (ਟੈਂਕ) ਦੀ ਜ਼ਰੂਰਤ ਪੈਂਦੀ ਹੈ। ਉਹ ਭਾਰਤੀ ਫੌਜ ਕੋਲ ਨਹੀਂ ਹੈ। ਕਾਰਜਕਾਰੀ ਐੱਸਐੱਸਪੀ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।

ਦੱਸ ਦਈਏ ਕਿ ਦੋ ਜਨਵਰੀ ਨੂੰ ਬਾਅਦ ਦੁਪਹਿਰ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ ਤੋਂ ਬੰਬਨੁਮਾ ਵਸਤੂ ਬਰਾਮਦ ਕੀਤੀ ਗਈ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਨੇ ਚੰਡੀਮੰਦਰ ਫ਼ੌਜ ਦੀ ਮਦਦ ਨਾਲ ਬੰਬ ਨੂੰ ਰਾਤ ਭਰ ਸੰਭਾਲ ਕੇ ਰੱਖਿਆ।