ਮੁੱਖ ਮੰਤਰੀ ਭਗਵੰਤ ਮਾਨ ਨੇ ਸਤਲੁਜ-ਯਮਨਾ ਲਿੰਕ ਨਹਿਰ (ਐਸਵਾਈਐਲ) ਦੇ ਮੁੱਦੇ ਉੱਪਰ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਬਾਦਲ ਤੇ ਕੈਪਟਨ ਵੇਲੇ ਹੀ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਟੀਟ ਕਰਦਿਆਂ ਕਿਹਾ ਕਿ ਇਹ ਕੇਸ ਬਾਦਲ ਸਾਬ੍ਹ ਤੇ ਦੇਵੀ ਲਾਲ ਦੇ ਵੇਲੇ ਸ਼ੁਰੂ ਹੋਇਆ…ਕੈਪਟਨ ਨੇ ਚਾਂਦੀ ਦੀ ਕਹੀ ਨਾਲ 1981 ‘ਚ ਕਪੂਰੀ ਵਿਖੇ ਟੱਕ ਲਵਾਇਆ ਤੇ ਅੱਜ ਉਹ ਸਾਨੂੰ ਕਹਿੰਦੇ ਨੇ ਸਾਡੇ ਤੋਂ ਸਲਾਹਾਂ ਲੈ ਕੇ ਜਾਇਓ…ਜਿਨ੍ਹਾਂ ਨੇ ਇਹ ਕੰਡੇ ਪੰਜਾਬ ਦੇ ਲੋਕਾਂ ਖ਼ਾਤਰ ਬੀਜੇ ਨੇ ਹੁਣ ਅਸੀਂ ਉਹਨਾਂ ਤੋਂ ਸਲਾਹਾਂ ਲਈਏ!
ਦੱਸ ਦਈਏ ਕਿ ਸੱਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮੁੱਦੇ ’ਤੇ ਬੁੱਧਵਾਰ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਆਪੋ-ਆਪਣੇ ਸਟੈਂਡ ’ਤੇ ਅੜੇ ਰਹੇ। ਕਰੀਬ ਇੱਕ ਘੰਟਾ ਚੱਲੀ ਮੀਟਿੰਗ ’ਚ ਦੋਵੇਂ ਸੂਬੇ ਕਿਸੇ ਨਤੀਜੇ ਨਹੀਂ ਪੁੱਜ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਵਿੱਚ ਐਸਵਾਈਐਲ ਦੀ ਉਸਾਰੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਏ ਜਦੋਂਕਿ ਪੰਜਾਬ ਵੱਲੋਂ ਸੁਝਾਏ ਬਦਲਵੇਂ ਹੱਲ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਈ ਹਾਮੀ ਨਹੀਂ ਭਰੀ।
ਸੁਪਰੀਮ ਕੋਰਟ ਵਿਚ ਐਸਵਾਈਐਲ ਦੀ ਅਗਲੀ ਸੁਣਵਾਈ 19 ਜਨਵਰੀ ਨੂੰ ਹੋਣੀ ਹੈ ਜਿਸ ਵਿਚ ਚਾਰ ਮਹੀਨੇ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹੁਣ ਨਜ਼ਰਾਂ ਸੁਪਰੀਮ ਕੋਰਟ ’ਤੇ ਟਿਕ ਗਈਆਂ ਹਨ। ਭਗਵੰਤ ਮਾਨ ਆਪਣੇ ਅਫ਼ਸਰਾਂ ਦੀ ਟੀਮ ਨਾਲ ਮੀਟਿੰਗ ’ਚ ਸ਼ਾਮਲ ਹੋਏ। ਸੂਤਰਾਂ ਅਨੁਸਾਰ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ’ਤੇ ਐਸਵਾਈਐਲ ਦੀ ਉਸਾਰੀ ਲਈ ਦਬਾਓ ਬਣਾਇਆ।