ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਪਣੇ ਤਿੰਨ ਸੀ (ਕਰੈਕਟਰ, ਕ੍ਰਿਮਨਲ ਤੇ ਕੁਰੱਪਸ਼ਨ) ਏਜੰਡੇ ਉੱਪਰ ਕੀ ਸਟੈਂਡ ਹੈ?
ਸੁਖਪਾਲ ਖਹਿਰਾ ਨੇ ਫੇਸਬੁੱਕ ਉੱਪਰ ਲਾਈਵ ਹੋ ਕਿ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਲਿਆਉਣ ਲਈ ਤਿੰਨ ‘ਸੀ’ (ਕਰੈਕਟਰ, ਕ੍ਰਿਮਨਲ ਤੇ ਕੁਰੱਪਸ਼ਨ) ਦੀ ਗੱਲ ਕੀਤੀ ਸੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਿਆਸਤ ਵਿੱਚ ਮਾੜੇ ਕਿਰਦਾਰ ਦੇ ਲੋਕ, ਭ੍ਰਿਸ਼ਟ ਲੋਕ ਤੇ ਅਪਰਾਧਕ ਪਿਛੋਕੜ ਦੇ ਲੋਕ ਨਹੀਂ ਆਉਣਗੇ ਪਰ ਅੱਜ ਕੀ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਦਾਅਵਿਆਂ ਉੱਪਰ ਸਵਾਲ ਉਠਾਏ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਕੋਲ ਸਾਲ 2022 ਵਿੱਚ ਭ੍ਰਿਸ਼ਟਾਚਾਰ ਖਿਲਾਫ 3.71 ਲੱਖ ਸ਼ਿਕਾਇਤਾਂ ਆਈਆਂ ਪਰ ਕੇਵਲ 172 ਐਫਆਈਆਰ ਦਰਜ ਹੋਈਆਂ। ਇਸ ਤੋਂ ਸਪਸ਼ਟ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕਿੰਨੀ ਕੁ ਗੰਭੀਰ ਹੈ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦਾ ਡਾਟਾ ਉਨ੍ਹਾਂ ਦੀ ਬਹੁਤ ਹੀ ਹਾਈਪਡ ਡਰਾਈਵ ਦਾ ਪਰਦਾਫਾਸ਼ ਕਰਦਾ ਹੈ ਕਿਉਂਕਿ 2022 ਵਿੱਚ 3.71 ਲੱਖ ਸ਼ਿਕਾਇਤਾਂ ਆਈਆਂ ਪਰ ਕੇਵਲ 172 ਐਫਆਈਆਰ ਦਰਜ ਹੋਈਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਫੌਜਾ ਸਰਾਰੀ ਦਾ ਬਚਾਅ ਕੀਤਾ, 6 ਮਹੀਨਿਆਂ ਤੱਕ ਨਾ ਐਫਆਈਆਰ ਹੋਈ ਨਾ ਗ੍ਰਿਫਤਾਰੀ, ਦਿਖਾਉਂਦਾ ਹੈ ਕਿ ਇਹ ਮੁਹਿੰਮ ਚੋਣਵੇਂ ਤੇ ਬੇਹੱਦ ਕਮਜ਼ੋਰ ਲੋਕਾਂ ਖਿਲਾਫ ਹੀ ਹੈ।