05/14/2024 2:48 AM

ਪੰਜਾਬ ‘ਚ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ, ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਛੱਡ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ: ਹਰਸਿਮਰਤ ਬਾਦਲ

ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਫੇਲ੍ਹ ਹੋ ਚੁੱਕੀ ਹੈ ਕਿ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ। ਲੁੱਟਾਂ-ਖੋਹਾਂ, ਡਕੈਤੀਆਂ, ਫਿਰੌਤੀਆਂ ਆਮ ਜਿਹੀ ਗੱਲ ਹੋ ਚੁੱਕੀ ਹੈ। ਹਰਸਿਮਰਤ ਬਾਦਲ ਗੈਂਗਸਟਰਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ ਦਾ ਜ਼ਿਕਰ ਕਰ ਰਹੇ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਪਹਿਲਾਂ ਜਲੰਧਰ ਤੇ ਹੁਣ ਫਗਵਾੜਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਦੀ ਰਾਜਨੀਤੀ ਵਿੱਚੋਂ ਨਿਕਲਕੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ।