05/14/2024 2:45 PM

ਮੌਸਮ ਵਿਭਾਗ ਦਾ ਅਲਰਟ

ਚੰਡੀਗੜ੍ਹ ਵਿੱਚ ਅਗਲੇ ਦਿਨਾਂ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਖੇਤਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ। ਅਜਿਹੇ ‘ਚ ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਨੂੰ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੰਨਿਆ ਜਾ ਰਿਹਾ ਹੈ ਕਿ ਬਾਰਸ਼ ਮਗਰੋਂ ਧੁੰਦ ਤੋਂ ਰਾਹਤ ਮਿਲ ਸਕਦੀ ਹੈ।

ਦੱਸ ਦਈਏ ਕਿ ਚੰਡੀਗੜ੍ਹ ਦੇ ਲੋਕ ਪਿਛਲੇ 8 ਦਿਨਾਂ ਤੋਂ ਧੁੰਦ ਦਾ ਸਾਹਮਣਾ ਕਰ ਰਹੇ ਹਨ। ਸ਼ੁੱਕਰਵਾਰ ਤੱਕ ਸ਼ਹਿਰ ਵਿੱਚ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪਾਰਾ ਵੀ ਕਾਫੀ ਹੇਠਾਂ ਆ ਗਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਜਾਵੇਗਾ। ਇਸ ਦੇ ਨਾਲ ਹੀ ਧੁੰਦ ਕਾਰਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਰੇਲ ਤੇ ਹਵਾਈ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੰਘਣੀ ਧੁੰਦ ਤੇ ਖਰਾਬ ਮੌਸਮ ਕਾਰਨ ਸੋਮਵਾਰ ਨੂੰ 27 ਉਡਾਣਾਂ ਲੇਟ ਹੋਈਆਂ ਤੇ ਇੱਕ ਫਲਾਈਟ ਨੂੰ ਰੱਦ ਕਰਨਾ ਪਿਆ। ਦੂਜੇ ਪਾਸੇ ਸੋਮਵਾਰ ਦੇਰ ਰਾਤ 5 ਟਰੇਨਾਂ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਲੇਟ ਪਹੁੰਚੀਆਂ। ਇਨ੍ਹਾਂ ਵਿੱਚ ਸ਼ਤਾਬਦੀ ਐਕਸਪ੍ਰੈਸ ਵੀ ਸੀ ਜੋ 50 ਮਿੰਟ ਦੇਰੀ ਨਾਲ ਪਹੁੰਚੀ। ਚੰਡੀਗੜ੍ਹ ਤੋਂ ਕਈ ਉਡਾਣਾਂ ਨੇ ਆਪਣੇ ਨਿਰਧਾਰਤ ਸਮੇਂ ਤੋਂ ਬਾਅਦ ਦੇਰੀ ਨਾਲ ਉਡਾਣ ਭਰੀ। ਕੁਝ ਉਡਾਣਾਂ 6 ਘੰਟੇ ਤੱਕ ਲੇਟ ਹੋਈਆਂ।

ਪੰਜਾਬ ‘ਚ ਸੋਮਵਾਰ ਨੂੰ ਅੱਧੇ ਤੋਂ ਵੱਧ ਜ਼ਿਲਿਆਂ ‘ਚ ਫਿਰ ਤੋਂ ਧੁੱਪ ਨਹੀਂ ਨਿਕਲੀ, ਜਦਕਿ ਕਈ ਥਾਵਾਂ ‘ਤੇ ਰਾਤ 12 ਵਜੇ ਤੱਕ ਧੁੰਦ ਛਾਈ ਰਹੀ। ਸੂਬੇ ਦੀ ਸਭ ਤੋਂ ਠੰਡੀ ਰਾਤ ਬਠਿੰਡਾ ਵਿੱਚ ਰਹੀ। ਇੱਥੇ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ। ਹਰਿਆਣਾ ਦਾ ਮਹਿੰਦਰਗੜ੍ਹ 2.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ।

ਦੂਜੇ ਪਾਸੇ ਪੰਜਾਬ ਦੇ ਸੁਨਾਮ ‘ਚ ਇਕ ਸ਼ੈਲਰ ਦੇ ਕਮਰੇ ‘ਚ ਸੁੱਤੇ ਹੋਏ ਬਿਹਾਰ ਦੇ 5 ਮਜ਼ਦੂਰਾਂ ਦੀ ਐਤਵਾਰ ਰਾਤ ਪਰਾਲੀ ਦੇ ਧੂੰਏਂ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਇੱਕ ਮਜ਼ਦੂਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।