ਪੰਜਾਬ ਪੁਲਿਸ ਨੇ ਕੈਨੇਡਾ ਆਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਕਾਰਕੁਨ ਆਰਸ਼ ਡਾਲਾ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਆਰਸ਼ ਡਾਲਾ ਸਣੇ ਸੱਤ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ਆਰਸ਼ ਡਾਲਾ ਦੇ ਭਰਾ ਬਲਦੀਪ ਸਿੰਘ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਆਸਟਰੇਲੀਆ ਭੇਜਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਜਾਨਲੇਵਾ ਹਮਲੇ ਤੇ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਦਰਜ ਕੇਸ ਵਿੱਚ ਥਾਣਾ ਮਹਿਣਾ ਦੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਬਲਦੀਪ ਸਿੰਘ ਨੂੰ ਪਿਛਲੇ ਸਾਲ 25 ਜੂਨ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ ਸੀ, ਜਿਸ ਮਗਰੋਂ ਉਹ ਉਕਤ ਮੁਲਜ਼ਮਾਂ ਦੀ ਮਦਦ ਨਾਲ ਜਾਅਲੀ ਪਾਸਪੋਰਟ ਬਣਵਾ ਕੇ ਆਸਟਰੇਲੀਆ ਫਰਾਰ ਹੋ ਗਿਆ ਹੈ।
ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੈਨੇਡਾ ਬੈਠੇ ਕੇਟੀਐਫ ਕਾਰਕੁਨ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ, ਉਸ ਦੇ ਭਰਾ ਬਲਦੀਪ ਸਿੰਘ, ਪਿਤਾ ਚਰਨਜੀਤ ਸਿੰਘ, ਕਮਲਜੀਤ ਸ਼ਰਮਾ ਪਿੰਡ ਡਾਲਾ, ਹਰਦੀਪ ਸਿੰਘ ਉਰਫ਼ ਸੂਰਜ ਪਿੰਡ ਰੌਂਤਾ, ਰਾਮ ਸਿੰਘ ਉਰਫ਼ ਸੋਨਾ ਪਿੰਡ ਘੱਲ ਖੁਰਦ, ਦੀਪਕ ਸ਼ਰਮਾ ਪ੍ਰੀਤ ਨਗਰ, ਮੋਗਾ ਤੇ ਕੁਝ ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ।