ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਸ ਵੱਲੋਂ ਸਤਿਕਾਰ ਕਮੇਟੀਆਂ ਨੂੰ ਕੋਈ ਮਾਨਤਾ ਨਹੀਂ ਹੈ। ਇਸ ਲਈ ਪੁਲਿਸ ਕਿਸੇ ਵੀ ਸਤਿਕਾਰ ਕਮੇਟੀ ਦਾ ਸਹਿਯੋਗ ਨਾ ਕਰੇ। ਇਸ ਬਾਰੇ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਵੀ ਭੇਜਿਆ ਗਿਆ ਹੈ। ਦਰਅਸਲ ਸਤਿਕਾਰ ਕਮੇਟੀਆਂ ਆਪਣੇ ਐਕਸ਼ਨ ਕਰਕੇ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀਆਂ ਹਨ।
ਹੁਣ ਇੰਦੌਰ ਵਿੱਚ ਸਿੰਧੀ ਪਰਿਵਾਰਾਂ ਦੇ ਘਰਾਂ ਵਿੱਚੋਂ ਪਾਵਨ ਸਰੂਪ ਚੁੱਕ ਕੇ ਲਿਆਉਣ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਭੇਜ ਕੇ ਆਖਿਆ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਵੱਲੋਂ ਸਤਿਕਾਰ ਕਮੇਟੀਆਂ ਨੂੰ ਕੋਈ ਮਾਨਤਾ ਨਹੀਂ ਹੈ ਤੇ ਨਾ ਹੀ ਪਾਵਨ ਸਰੂਪ ਆਪਣੀ ਮਰਜ਼ੀ ਨਾਲ ਚੁੱਕ ਕੇ ਲਿਆਉਣ ਦੀ ਕੋਈ ਆਗਿਆ ਦਿੱਤੀ ਹੋਈ ਹੈ।
ਇਹ ਪੱਤਰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਰਾਹੀਂ ਡੀਜੀਪੀ ਨੂੰ ਭੇਜਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਪੁਲਿਸ ਥਾਣਿਆਂ ਨੂੰ ਹਦਾਇਤ ਕਰਨ ਕਿ ਭਵਿੱਖ ਵਿਚ ਅਜਿਹੇ ਮਾਮਲਿਆਂ ਵਿੱਚ ਸਤਿਕਾਰ ਕਮੇਟੀਆਂ ਨੂੰ ਪੁਲਿਸ ਵੱਲੋਂ ਸਹਿਯੋਗ ਨਾ ਦਿੱਤਾ ਜਾਵੇ।