Amritsar Airport news – ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ ਜਹਾਜ਼ ਨੇ 35 ਯਾਤਰੀਆਂ ਨੂੰ ਏਅਰਪੋਰਟ ‘ਤੇ ਹੀ ਛੱਡ ਦਿੱਤਾ। ਜਿਵੇਂ ਹੀ ਉਨ੍ਹਾਂ ਯਾਤਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਆਪਣੇ ਨਿਰਧਾਰਤ ਸਮੇਂ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਨਹੀਂ ਸਗੋਂ 5 ਘੰਟੇ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਹਾਲਾਂਕਿ ਏਅਰਲਾਈਨਜ਼ ਵੱਲੋਂ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਏਅਰਲਾਈਨਜ਼ ਨੇ ਜਾਣਕਾਰੀ ਦਿੱਤੀ ਕਿ ਯਾਤਰੀਆਂ ਨੂੰ ਪਹਿਲਾਂ ਹੀ ਈਮੇਲ ਰਾਹੀਂ ਫਲਾਈਟ ਦੇ ਸ਼ੈਡਿਊਲ ‘ਚ ਬਦਲਾਅ ਬਾਰੇ ਸਚੇਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪਿਛਲੇ 2 ਹਫ਼ਤਿਆਂ ਵਿੱਚ ਇਹ ਕਿਸੇ ਭਾਰਤੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਛੱਡਣ ਦਾ ਦੂਜਾ ਮਾਮਲਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ‘ਗੋ ਫਸਟ’ ਦੀ ਫਲਾਈਟ ਵੱਲੋਂ ਵੀ ਆਪਣੇ ਯਾਤਰੀਆਂ ਨੂੰ ਬੈਂਗਲੁਰੂ ਹਵਾਈ ਅੱਡੇ ‘ਤੇ ਹੀ ਛੱਡ ਦਿੱਤਾ ਗਿਆ ਸੀ।ਜ਼ਿਕਰਯੋਗ ਹੈ ਕਿ ਇਸ ਫਲਾਈਟ ਦੀ ਰਵਾਨਗੀ ਦਾ ਸਮਾਂ ਸ਼ਾਮ 7.55 ਵਜੇ ਸੀ ਹਾਲਾਂਕਿ ਰਿਪੋਰਟਾਂ ਮੁਤਾਬਕ ਇਸ ਫਲਾਈਟ ਵੱਲੋਂ ਤਕਰੀਬਨ 5 ਘੰਟੇ ਪਹਿਲਾਂ ਹੀ ਦੁਪਹਿਰ 3 ਵਜੇ ਦੇ ਕਰੀਬ ਅੰਮ੍ਰਿਤਸਰ ਏਅਰਪੋਰਟ ਤੋਂ 35 ਯਾਤਰੀਆਂ ਨੂੰ ਛੱਡ ਕੇ ਉਡਾਣ ਭਰੀ ਗਈ। ਇਸ ਤੋਂ ਬਾਅਦ ਯਾਤਰੀਆਂ ਵੱਲੋਂ ਏਅਰਪੋਰਟ ‘ਤੇ ਹੰਗਾਮਾ ਕੀਤਾ ਗਿਆ। ਇਸ ਮਾਮਲੇ ‘ਤੇ ਸਕੂਟ ਏਅਰਲਾਈਨਜ਼ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਉਨ੍ਹਾਂ ਵਲੋਂ ਸਾਰੇ ਯਾਤਰੀਆਂ ਨੂੰ ਸ਼ੈਡਿਊਲ ‘ਚ ਬਦਲਾਅ ਬਾਰੇ ਇੱਕ ਈਮੇਲ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਈਮੇਲ ਪੜ੍ਹ ਕੇ ਜਿਹੜੇ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਗਏ, ਫਲਾਈਟ ਉਨ੍ਹਾਂ ਨੂੰ ਲੈ ਗਈ। ਇਸ ਦੌਰਾਨ ਡੀਜੀਸੀਏ ਦੇ ਸੂਤਰਾਂ ਦਾ ਕਹਿਣਾ ਹੈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਇਸ ਮਾਮਲੇ ‘ਚ ਜਾਂਚ ਜਾਰੀ ਹੈ।