ਚੰਡੀਗੜ੍ਹ ਵਿਖੇ ਇਕ ਕੱਵਾਲੀ ਪ੍ਰੋਗਰਾਮ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਕਤਲ ਕਰਨ ਦੀ ਖ਼ਬਰ ਹੈ। ਇਹ ਕੱਵਾਲੀ ਪ੍ਰੋਗਰਾਮ ਸੈਕਟਰ 38 ਵਿਖੇ ਚੱਲ ਰਿਹਾ ਸੀ, ਜਿਸ ਦੌਰਾਨ ਬਦਮਾਸ਼ਾਂ ਨੇ ਹਮਲਾ ਕਰਕੇ ਮੁੰਡੇ ਨੂੰ ਖੂਨ ਨਾਲ ਲੱਥਪਥ ਕਰ ਦਿੱਤਾ। ਮੁੰਡੇ ਨੂੰ ਲੋਕਾਂ ਨੇ ਤੁਰੰਤ ਹਸਪਤਾਲ ਦਾਖਲ ਕਰਵਾਇਆ ਪਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਨ ਉਪਰੰਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਮ੍ਰਿਤਕ ਨੌਜਵਾਨ ਸਾਹਿਲ 23 ਸਾਲ ਦਾ ਸੀ, ਜੋ ਕਿ ਸੈਕਟਰ 38 ਵਿੱਚ ਹੀ ਪ੍ਰਾਈਵੇਟ ਨੌਕਰੀ ਕਰਦਾ ਸੀ।ਮ੍ਰਿਤਕ ਦੇ ਚਾਚਾ ਬਿੰਨੀ ਨੇ ਦੱਸਿਆ ਕਿ ਉਸ ਨੂੰ ਕਿਸੇ ਬੱਚੇ ਨੇ ਘਰ ਆ ਕੇ ਦੱਸਿਆ ਕਿ ਸਾਹਿਲ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ, ਜਿਸ ‘ਤੇ ਉਹ ਤੁਰੰਤ ਮੌਕੇ ਉਪਰ ਪੁੱਜੇ। ਉਨ੍ਹਾਂ ਵੇਖਿਆ ਕਿ ਸਾਹਿਲ ਖੂਨ ਨਾਲ ਲੱਥਪਥ ਪਿਆ ਸੀ। ਉਸ ਨੂੰ ਤੁਰੰਤ ਪੀਜੀਆਈ ਦਾਖਲ ਕਰਵਾਇਆ ਗਿਆ, ਪਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੱਸਿਆ ਕਿ ਸਾਹਿਲ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦਾ ਛੋਟਾ ਭਰਾ ਇਕੱਲਾ ਰਹਿ ਗਿਆ ਹੈ।