05/19/2024 5:46 AM

ਫਲਾਈਓਵਰ ਤੋਂ ਉਤਰਦੇ ਸਮੇਂ ਦੋ ਕਾਰਾਂ ਦੀ ਤੇਜ਼ ਰਫ਼ਤਾਰ ਕਾਰਨ ਟੱਕਰ,1 ਦੀ ਮੋਤ 7 ਜਖਮੀ

ਬਟਾਲਾ : ਅੱਡਾ ਨੌਸ਼ਹਿਰਾ ਮੱਝਾ ਸਿੰਘ ਨੇੜੇ ਪਠਾਨਕੋਟ/ਅੰਮ੍ਰਿਤਸਰ ਹਾਈਵੇਅ ਫਲਾਈਓਵਰ ਤੋਂ ਉਤਰਦੇ ਸਮੇਂ ਦੋ ਕਾਰਾਂ ਦੀ ਤੇਜ਼ ਰਫ਼ਤਾਰ ਕਾਰਨ ਟੱਕਰ ਹੋ ਗਈ ਜਿਸ ਵਿਚ ਇਕ ਕਾਰ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ 108 ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ।

ਮ੍ਰਿਤਕ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ (50) ਪੁੱਤਰ ਰਾਮਸਵਰੂਪ ਵਾਸੀ ਧਿਆਨਪੁਰ ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ ਧਿਆਨਪੁਰ ਵਿੱਚ ਪੰਜਾਬੀ ਦੇ ਲੈਕਚਰਾਰ ਤਾਇਨਾਤ ਸਨ। ਮ੍ਰਿਤਕ ਰਾਕੇਸ਼ ਕੁਮਾਰ ਦੇ ਨਾਲ ਕਾਰ ਵਿੱਚ ਉਸਦੀ ਪਤਨੀ ਅਨੂੰ ਅਤੇ 20 ਸਾਲਾ ਲੜਕਾ ਹਰਸ਼ਿਤ ਸਵਾਰ ਸਨ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਐਮਰਜੈਂਸੀ ਦੇ ਡਾਕਟਰ ਨੇ ਔਰਤ ਅਨੂ ਦੀ ਨਾਜ਼ੁਕ ਹਾਲਤ ਦਾ ਜਾਇਜ਼ਾ ਲਿਆ ਅਤੇ ਇਸ ਦੇ ਮੱਦੇਨਜ਼ਰ ਉਸ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਇਸ ਭਿਆਨਕ ਕਾਰ ਹਾਦਸੇ ‘ਚ ਦੂਜੇ ਪਾਸੇ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ 5 ਮੈਂਬਰ ਜਿਨ੍ਹਾਂ ਦੀ ਪਛਾਣ ਐੱਸ. ਗੁਰਦੇਵ ਕੁਮਾਰ ਪੁੱਤਰ ਧਿਆਨਚੰਦ, ਸੰਜੀਵ ਕੁਮਾਰ ਪੁੱਤਰ ਪੁਰਸ਼ੋਤਮ, ਬਬਲੀ ਪਤਨੀ ਸੰਜੀਵ ਕੁਮਾਰ, ਹਰਸ਼ ਮੋਹਨ ਪੁੱਤਰ ਰਤਨ ਚੰਦ ਅਤੇ 14 ਸਾਲਾ ਬੱਚਾ ਨਾਟਿਕ ਪੁੱਤਰ ਸੰਜੇ ਕੁਮਾਰ ਵਾਸੀ ਮਲਕਾਪੁਰ ਗੰਭੀਰ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਅਧੀਨ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਲਕਪੁਰ ਦਾ ਰਹਿਣ ਵਾਲਾ ਪਰਿਵਾਰ ਕਾਰ ‘ਚ ਸਵਾਰ ਹੋ ਕੇ ਅੰਮ੍ਰਿਤਸਰ ‘ਚ ਦਵਾਈ ਲੈਣ ਜਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ।