ਸਰਕਾਰ ਬੀਮੇ ਨੂੰ ਲੈ ਕੇ GST ਦਰਾਂ ਵਿੱਚ ਕਰ ਸਕਦੀ ਹੈ ਕਟੌਤੀ

ਭਾਰਤ ਵਿੱਚ ਬੀਮੇ ਨੂੰ ਲੈ ਕੇ ਕੋਰੋਨਾ ਤੋਂ ਬਾਅਦ ਬੇਸ਼ੱਕ ਲੋਕ ਜਾਗਰੂਕ ਹੋਏ ਹਨ ਪਰ ਅਜੇ ਵੀ ਬਹੁਤ ਸਾਰੇ ਲੋਕ ਸਿਹਤ ਬੀਮਾ ਜਾਂ ਟਰਮ ਇੰਸੂਰੈਂਸ ਲੈਣ ਵਿੱਚ ਦਿਲਚਸਪੀ ਨਹੀਂ ਰੱਖਦੇ ਕਿਉਂਕਿ ਬੀਮੇ ‘ਤੇ ਵੀ ਤੁਹਾਨੂੰ 18% GST ਦੇਣੀ ਪੈਂਦੀ ਹੈ। ਬੀਮੇ ਨੂੰ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਤੱਕ ਲਿਆਉਣ ਲਈ ਸਰਕਾਰ GST ਦਰਾਂ ਵਿੱਚ ਕਟੌਤੀ ਕਰ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਪ੍ਰੀਮੀਅਮ ਦੀ ਰਕਮ ਘੱਟ ਹੋ ਜਾਵੇਗੀ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਬੀਮਾ ਖਰੀਦ ਸਕਦੇ ਹਨ। ਇਸ ਨਾਲ ਲੋਕਾਂ ਵਿੱਚ ਹੈਲਥ ਅਤੇ ਟਰਮ ਇੰਸੂਰੈਂਸ ਲੈਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੇਗੀ। ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਬੀਮੇ ਪ੍ਰਤੀ ਸੁਚੇਤ ਨਹੀਂ ਹਨ।

ਕਿਉਂ ਨਹੀਂ ਲੈਂਦੇ ਲੋਕ ਬੀਮਾ: ਬੀਮਾ ਕੰਪਨੀ Niva Bupa Health Insurance ਦੇ CEO ਅਤੇ MD ਕ੍ਰਿਸ਼ਨਨ ਰਾਮਚੰਦਰਨ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਸਿਹਤ ਬੀਮਾ ਪਾਲਿਸੀ ਦਾ ਪ੍ਰੀਮੀਅਮ ਵੀ ਬਹੁਤ ਵੱਧ ਗਿਆ ਹੈ। ਇਸ ਲਈ ਮਹਿੰਗਾਈ ਨੂੰ ਦੇਖਦੇ ਹੋਏ ਲੋਕ ਸਿਹਤ ਬੀਮਾ ਪਾਲਿਸੀ ਖਰੀਦਣ ਵਿੱਚ ਦਿਲਚਸਪੀ ਨਹੀਂ ਲੈ ਰਹੇ। ਇਸ ਸਬੰਧੀ ਜੇਕਰ ਸਰਕਾਰ ਕੋਈ ਕਦਮ ਉਠਾਉਂਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।

ਇਸ ਸਮੇਂ 18% GST ਦਰਾਂ ਨਾਲ ਪ੍ਰੀਮੀਅਮ ਵੀ ਮਹਿੰਗਾ ਹੋ ਜਾਂਦਾ ਹੈ। ਇਸ ਬਾਰੇ ਬੋਲਦੇ ਹੋਏ ਲਿਬਰਟੀ ਜਨਰਲ ਇੰਸ਼ੋਰੈਂਸ ਦੇ ਸੀਈਓ ਰੂਪਮ ਅਸਥਾਨਾ ਨੇ ਕਿਹਾ ਕਿ ਸਿਹਤ ਬੀਮਾ ਉਤਪਾਦਾਂ ਦੀ ਮੰਗ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਲੋਕਾਂ ਨੂੰ ਇਹ ਬਹੁਤ ਮਹਿੰਗੇ ਲੱਗਦੇ ਹਨ ਅਤੇ ਇਨ੍ਹਾਂ ਨੂੰ ਕਿਫਾਇਤੀ ਬਣਾਉਣ ਲਈ ਜੀਐਸਟੀ ਨੂੰ ਘਟਾਉਣ ਦੀ ਲੋੜ ਹੈ।

ਜੇਕਰ ਸਰਕਾਰ ਲੋਕਾਂ ਵਿੱਚ ਬੀਮੇ ਪ੍ਰਤੀ ਜਾਗਰੂਕਤਾ ਦੇ ਨਾਲ ਨਾਲ GST ਦਰਾਂ ਵਿੱਚ ਵੀ ਕਟੌਤੀ ਕਰੇ ਤਾਂ ਲੋਕਾਂ ਨੂੰ ਬੀਮਾ ਲੈਣ ਵਿੱਚ ਆਸਾਨੀ ਹੋਵੇਗੀ ਅਤੇ ਉਹਨਾਂ ਨੂੰ ਇਹ ਮਹਿੰਗਾ ਨਹੀਂ ਲੱਗੇਗਾ।