ਗੁਰੂ ਨਗਰੀ ਅੰਮ੍ਰਿਤਸਰ, ਇਹ ਸ਼ਹਿਰ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ । ਇਸ ਸ਼ਹਿਰ ਵਿਖੇ ਸਥਿਤ ਪੁਰਾਤਨ ਅਤੇ ਇਤਿਹਾਸਕ ਸਥਾਨ ਆਪਣੇ ਆਪ ਦੇ ਵਿੱਚ ਮਿਸਾਲ ਹਨ। ਦੇਸ਼-ਦੁਨੀਆਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਗੁਰੂ ਨਗਰੀ ਪਹੁੰਚਦੀਆਂ ਹਨ। ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ, ਸਿੱਖਾਂ ਦੀ ਸਿਰਮੌਰ ਸੰਸਥਾ SGPC ਦੇ ਵੱਲੋਂ ਸੰਗਤਾਂ ਦੇ ਰਹਿਣ ਲਈ ਸਰਾਂਵਾਂ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਵਿਚੋਂ ਹੀ ਇੱਕ ਸਾਰਾਗੜ੍ਹੀ ਸਰਾਂ ਹੈ।
ਸਾਰਾਗੜ੍ਹੀ ਦੇ ਯੁੱਧ ਵਿੱਚ ਸ਼ਹੀਦ ਹੋਏ ਸਿਖਾਂ ਦੀ ਸ਼ਹਾਦਤ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੀ ਇਸ ਸਰਾਂ ਦਾ ਨਾਮ ਸਾਰਾਗੜ੍ਹੀ ਸਰਾਂ ਰੱਖਿਆ ਗਿਆ ਹੈ। ਇਸ 9 ਮੰਜ਼ਿਲਾ ਇਮਾਰਤ ਦੇ ਵਿੱਚ 238 ਕਮਰੇ ਹਨ ਅਤੇ ਜਿਸ ਨੂੰ ਕਿ ਸੰਗਤਾਂ ਆਨਲਾਈਨ ਵੀ ਬੁੱਕ ਕਰ ਸਕਦੀਆਂ ਹਨ।
ਸ਼ਹਿਰ ਦੇ ਹੈਰੀਟੇਜ ਸਟ੍ਰੀਟ ‘ਤੇ ਬਣੀ ਇਹ ਸਰਾਂ ਸਭਨਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਤੇ ਸੰਗਤਾਂ ਵਿੱਚ ਵੀ ਇਹ ਰੀਝ ਰਹਿੰਦੀ ਹੈ ਕਿ ਉਹ ਇਸ ਸਰਾਂ ਦੇ ਵਿੱਚ ਕਮਰਾ ਬੁੱਕ ਕਰਵਾ ਕੇ ਰਹਿ ਸਕਣ। ਇਸ ਸਰ੍ਹਾਂ ਵਿੱਚ ਸੰਗਤਾਂ ਨੂੰ ਹਰ ਤਰਾਂ ਦੀਆਂ ਸੁਵਿਧਾਵਾਂ ਮਿਲਦੀਆਂ ਹਨ ਅਤੇ ਇਹ ਸਰਾਂ ਕਿਸੇ 5 ਤਾਰਾ ਹੋਟਲ ਨਾਲੋਂ ਘੱਟ ਨਹੀਂ। ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਇਸ ਸਰਾਂ ਵਿੱਚ ਠਹਿਰਦੀਆਂ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਿਜ਼ ਕੁੱਝ ਹੀ ਦੂਰੀ ‘ਤੇ ਇਹ ਸਰਾਂ ਸਥਿਤ ਹੈ।