ਪੰਜਾਬ ’ਚ ਮੋਬਾਈਲ ਫੋਨ ਦਾ ਕ੍ਰੇਜ਼ ਘਟਣ ਲੱਗਾ ਹੈ? ਬੇਸ਼ੱਕ ਵੇਖਣ ਨੂੰ ਇਹ ਸਹੀ ਨਹੀਂ ਲੱਗਦਾ ਪਰ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਦੇ ਅੰਕੜੇ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਹੀ ਕਰਦੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਤਿੰਨ ਸਾਲ ਪਹਿਲਾਂ ਪੰਜਾਬ ’ਚ ਪ੍ਰਤੀ ਘਰ ਔਸਤਨ 7 ਮੋਬਾਈਲ ਕੁਨੈਕਸ਼ਨ ਸਨ, ਜੋ ਹੁਣ ਛੇ ਹੋ ਗਏ ਹਨ। ਜੀ ਹਾਂ, ਟਰਾਈ ਵੱਲੋਂ 28 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਸ ਵੇਲੇ ਪੰਜਾਬ ਵਿੱਚ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 3.57 ਕਰੋੜ ਹੈ, ਜਦਕਿ ਨਵੰਬਰ 2019 ਵਿੱਚ ਇਹ ਅੰਕੜਾ 4.06 ਕਰੋੜ ਕੁਨੈਕਸ਼ਨਾਂ ਦਾ ਸੀ। ਬੀਤੇ ਤਿੰਨ ਸਾਲਾਂ ਦੌਰਾਨ 49 ਹਜ਼ਾਰ ਮੋਬਾਈਲ ਕੁਨੈਕਸ਼ਨ ਘਟੇ ਹਨ। ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਰਿਲਾਇੰਸ ਜੀਓ ਦੇ ਮੋਬਾਈਲ ਕੁਨੈਕਸ਼ਨਾਂ ਦੀ ਗਿਣਤੀ 1.11 ਕਰੋੜ ਹੈ, ਜੋ ਨਵੰਬਰ 2020 ਵਿੱਚ 1.40 ਕਰੋੜ ਸੀ। ਅਕਤੂਬਰ 2019 ਤੋਂ ਨਵੰਬਰ 2020 ਦਰਮਿਆਨ ਇਸ ਕੰਪਨੀ ਦੇ ਕਰੀਬ ਸੱਤ ਲੱਖ ਕੁਨੈਕਸ਼ਨ ਵਧੇ ਸਨ, ਪਰ ਕਿਸਾਨ ਅੰਦੋਲਨ ਮਗਰੋਂ ਇਨ੍ਹਾਂ ਕੁਨੈਕਸ਼ਨਾਂ ਦੀ ਗਿਣਤੀ 29 ਲੱਖ ਤੱਕ ਘਟੀ ਹੈ।
ਇਸੇ ਤਰ੍ਹਾਂ ਵੋਡਾਫੋਨ ਕੰਪਨੀ ਦੇ ਕੁਨੈਕਸ਼ਨਾਂ ਦੀ ਗਿਣਤੀ ਨਵੰਬਰ 2020 ’ਚ 86.42 ਲੱਖ ਸੀ, ਜੋ ਨਵੰਬਰ 2022 ਵਿੱਚ 74.67 ਲੱਖ ਰਹਿ ਗਈ ਹੈ। ਬੀਐੱਸਐੱਨਐੱਲ ਦੇ ਕੁਨੈਕਸ਼ਨ, ਜੋ ਨਵੰਬਰ 2020 ’ਚ 58.04 ਲੱਖ ਸਨ, ਘੱਟ ਕੇ 49.87 ਲੱਖ ਰਹਿ ਗਏ ਹਨ।