ਪੰਜਾਬ ਵਿੱਚ ਇੱਕ ਵਾਰ ਫਿਰ ਠੰਢ ਜ਼ੋਰ ਫੜ੍ਹ ਸਕਦੀ ਹੈ। ਇਸ ਦੌਰਾਨ ਜੇਕਰ ਬਾਰਸ਼ ਨੇ ਹਨ੍ਹੇਰੀ ਨਾ ਚੱਲੀ ਤਾਂ ਇਹ ਕਣਕ ਦੀ ਫਸਲ ਲਈ ਚੰਗੀ ਸਾਬਤ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 8 ਤੋਂ 10 ਫਰਵਰੀ ਦੌਰਾਨ ਪਾਰਾ ਮੁੜ ਡਿੱਗ ਸਕਦੀ ਹੈ। ਇਸ ਦੌਰਾਮ ਪਹਾੜਾਂ ਵਿੱਚ ਬਰਫਬਾਰੀ ਕਾਰਨ ਹਰਿਆਣਾ ਤੇ ਪੰਜਾਬ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਠੰਢੀਆਂ ਹਵਾਵਾਂ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 8 ਤੋਂ 10 ਫਰਵਰੀ ਦਰਮਿਆਨ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਸਮੇਤ ਉੱਤਰਾਖੰਡ, ਹਿਮਾਚਲ ਵਿੱਚ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ ਹੈ। ਬਰਫਬਾਰੀ ਕਾਰਨ ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਹਰਿਆਣਾ ਤੇ ਪੰਜਾਬ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਠੰਢੀਆਂ ਹਵਾਵਾਂ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਹੌਲੀ-ਹੌਲੀ ਠੰਢ ਦਾ ਪ੍ਰਕੋਪ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਕੁਝ ਇਲਾਕਿਆਂ ‘ਚ ਸਰਦੀ ਨੂੰ ਅਲਵਿਦਾ ਕਿਹਾ ਜਾ ਰਿਹਾ ਹੈ। ਕਈ ਖੇਤਰਾਂ ਵਿੱਚ ਤਾਪਮਾਨ ਕਾਫੀ ਵਧ ਗਿਆ ਹੈ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 6 ਫਰਵਰੀ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਉਧਰ, ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਬਾਰਸ਼ ਹੋਈ ਹੈ ਜਿਸ ਕਾਰਨ ਰਾਤ ਨੂੰ ਕਈ ਥਾਵਾਂ ‘ਤੇ ਤਾਪਮਾਨ ਮਨਫ਼ੀ ਹੋ ਗਿਆ। ਐਤਵਾਰ (5 ਫਰਵਰੀ) ਨੂੰ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।