ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਮਾਈਨਿੰਗ ਘੁਟਾਲਾ ਹੋ ਰਿਹਾ ਹੈ ਤੇ ਇਹ ਪੈਸਾ ਸਿੱਧਾ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਜਾ ਰਿਹਾ ਹੈ। ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਬਾਹਰੋਂ ਰੇਤਾ ਤੇ ਬਜਰੀ ਲਿਆਉਣ ਵਾਲੇ ਵਾਹਨਾਂ ਤੋਂ ਲਈ ਜਾਂਦੀ ਰਾਇਲਟੀ ਸਬੰਧੀ 400 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਅਕਾਲੀ ਦਲ ਦੇ ਇਸ ਦਾਅਵੇ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਹੜਕੰਪ ਮੱਚ ਗਿਆ ਹੈ।
ਮਜੀਠੀਆ ਨੇ ਕਿਹਾ ਹੈ ਕਿ ‘ਆਪ’ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਨਾਲ ਸਬੰਧਤ ਦੋ ਖਣਨ ਠੇਕੇਦਾਰਾਂ ਦੇ ਠੇਕੇ ਰੱਦ ਹੋਣ ਤੋਂ ਇੱਕ ਮਹੀਨੇ ਅੰਦਰ ਹੀ ਰਿਨਿਊ ਕਰ ਦਿੱਤੇ। ਮਜੀਠੀਆ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਇਕੱਠੇ ਕੀਤੇ ਜਾ ਰਹੇ ਫੰਡ ਸਰਕਾਰੀ ਖ਼ਜ਼ਾਨੇ ਵਿੱਚ ਜਾਣ ਦੀ ਥਾਂ ਸਿੱਧਾ ਆਮ ਆਦਮੀ ਪਾਰਟੀ ਕੋਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਆਂਢੀ ਰਾਜਾਂ ਤੋਂ ਰੋਜ਼ਾਨਾ 2000 ਤੋਂ ਵੱਧ ਟਰੱਕ ਰੇਤਾ ਤੇ ਬਜਰੀ ਲਿਆਉਂਦੇ ਹਨ। ਇਨ੍ਹਾਂ ਤੋਂ ਪ੍ਰਾਪਤ ਹੋ ਰਹੀ ਰਾਇਲਟੀ ਦਾ ਅੱਧਾ ਪੈਸਾ ‘ਆਪ’ ਖੁਰਦ-ਬੁਰਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਕੇਸ਼ ਚੌਧਰੀ ਨਾਂ ਦੇ ਠੇਕੇਦਾਰ ਦਾ ਮੁਹਾਲੀ ਤੇ ਰੋਪੜ ਜ਼ਿਲ੍ਹਿਆਂ ਵਿਚ ਰੇਤ ਮਾਈਨਿੰਗ ਦਾ ਠੇਕਾ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕੀਤਾ ਗਿਆ ਸੀ ਤੇ ‘ਆਪ’ ਸਰਕਾਰ ਨੇ ਇਸ ਸਾਲ 27 ਜਨਵਰੀ ਨੂੰ ਮੁੜ ਇਹ ਠੇਕਾ ਰਿਨਿਊ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ, ਜਦੋਂ ਚੌਧਰੀ ਖ਼ਿਲਾਫ਼ ਰੋਪੜ ਜ਼ਿਲ੍ਹੇ ਵਿੱਚ ਚਾਰ ਪੁਲਿਸ ਕੇਸ ਦਰਜ ਹਨ। ਮਜੀਠੀਆ ਨੇ ਦੱਸਿਆ ਕਿ ਦੂਜਾ ਠੇਕੇਦਾਰ ਅਸ਼ੋਕ ਚੰਢਕ ਕਾਂਗਰਸ ਹਾਈ ਕਮਾਂਡ ਦੇ ਬਹੁਤ ਨੇੜੇ ਹੈ ਤੇ ਉਸ ਦਾ ਠੇਕਾ ਵੀ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕਰਨ ਮਗਰੋਂ ਇਸ ਸਾਲ 31 ਜਨਵਰੀ ਨੂੰ ਰਿਨਿਊ ਕੀਤਾ ਗਿਆ ਹੈ।
ਉਧਰ, ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਮਜੀਠੀਆ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਮਾਫੀਆ ਖ਼ਿਲਾਫ਼ ਪਿਛਲੀਆਂ ਸਰਕਾਰਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੈ। ਇਸੇ ਦਾ ਨਤੀਜਾ ਹੈ ਕਿ ਹੁਣ ਤੱਕ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਖ਼ਿਲਾਫ਼ 84 ਐਫਆਈਆਰ ਦਰਜ ਕੀਤੀ ਜਾ ਚੁੱਕੀਆਂ ਹਨ। ਗਰਗ ਨੇ ‘ਆਪ’ ਸਰਕਾਰ ਦੌਰਾਨ ਸੂਬੇ ’ਚ ਮਾਈਨਿੰਗ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਰਾਕੇਸ਼ ਚੌਧਰੀ ਨੂੰ ਮਾਈਨਿੰਗ ਦਾ ਠੇਕਾ ਪਿਛਲੀਆਂ ਸਰਕਾਰਾਂ ਵੱਲੋਂ ਦਿੱਤਾ ਗਿਆ ਸੀ। ‘ਆਪ’ ਨੇ ਸੱਤਾ ’ਚ ਆਉਣ ਦੇ ਤੁਰੰਤ ਬਾਅਦ ਉਹ ਠੇਕਾ ਰੱਦ ਕਰ ਦਿੱਤਾ ਸੀ।