ਸਤੰਬਰ 2021 ਵਿਚ ਗੁਜਰਾਤ ਦੇ ਮੁਦਰਾ ਪੋਰਟ ਅਤੇ ਡੀ. ਆਰ. ਆਈ. ਅਤੇ ਕਸਟਮ ਵਿਭਾਗ ਦੀਆਂ ਟੀਮਾਂ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਵਿਦੇਸ਼ ਤੋਂ ਦੋ ਕੰਟੇਨਰਾਂ ’ਚ ਭੇਜੀ ਗਈ ਲਗਭਗ 3000 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ। ਉਸ ਮਾਮਲੇ ’ਚ ਜਾਂਚ ਕਰ ਰਹੀ ਐੱਨ. ਆਈ. ਏ. ਨੇ ਲੰਮੀ ਚੱਲੀ ਜਾਂਚ ਤੋਂ ਬਾਅਦ 22 ਮੁਲਜ਼ਮਾਂ ਸਮੇਤ ਕਈ ਕੰਪਨੀਆਂ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ, ਜਿਨ੍ਹਾਂ ਵਿਚ ਕਈ ਅਫਗਾਨ ਨਾਗਰਿਕ ਵੀ ਸ਼ਾਮਲ ਹਨ।
ਐੱਨ. ਆਈ. ਏ. ਵਲੋਂ ਆਪਣੀ ਜਾਂਚ ਵਿਚ ਜੋ ਖ਼ੁਲਾਸੇ ਕੀਤੇ ਗਏ ਹਨ, ਉਨ੍ਹਾਂ ਤੋਂ ਸਾਫ਼ ਹੋ ਗਿਆ ਹੈ ਕਿ ਦੇਸ਼ ’ਚ ਕਿਸ ਤਰ੍ਹਾਂ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਲਾ ਕਾਰੋਬਾਰ ਵਧ-ਫੁੱਲ ਚੁੱਕਾ ਹੈ ਅਤੇ ਡਰੱਗ ਮਨੀ ਦਾ ਜ਼ਿਆਦਾਤਰ ਹਿੱਸਾ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਦੇਸ਼ ’ਚ ਅੱਤਵਾਦੀ ਗਤੀਵਿਧੀਆਂ ਲਈ ਭੇਜਿਆ ਜਾ ਰਿਹਾ ਸੀ।
ਹੈਰੋਇਨ ਦੀ ਇਹ ਖੇਪ ਕੰਧਾਰ ਤੋਂ ਹਸਨ ਹੁਸੈਨ ਨਾਮੀ ਇਕ ਕੰਪਨੀ ਵੱਲੋਂ ਆਸ਼ੀ ਟ੍ਰੇਡਿੰਗ ਕੰਪਨੀ ਨੂੰ ਭੇਜੀ ਗਈ ਸੀ। ਹਸਨ ਅਤੇ ਹੁਸੈਨ, ਦੋ ਭਰਾ ਹਨ ਜੋ ਕੰਧਾਰ ਤੋਂ ਆਪਣੇ ਨਾਮ ’ਤੇ ਫਰਮ ਚਲਾਉਂਦੇ ਹਨ। ਦਿੱਲੀ ਵਿਚ ਜਿਸ ਸ਼ਖ਼ਸ ਨੂੰ ਇਹ ਖੇਪ ਭੇਜੀ ਗਈ ਸੀ, ਉਸ ਦਾ ਨਾਮ ਹਰਪ੍ਰੀਤ ਸਿੰਘ ਤਲਵਾਰ ਉਰਫ ਕਰੀਬ ਹੈ ਜੋ ਕਿ ਪਲੇਬੁਆਏ ਨਾਮ ਨਾਲ ਇਕ ਨਾਈਟ ਕਲੱਬ ਚਲਾਉਣ ਦੇ ਨਾਲ ਹੀ ਵੱਡਾ ਕਾਰੋਬਾਰੀ ਵੀ ਹੈ, ਜਿਸ ਨੇ ਕਈ ਫਰਮਾਂ ਬਣਾ ਰੱਖੀਆਂ ਹਨ ਅਤੇ ਲਗਜ਼ਰੀ ਗੱਡੀਆਂ ਦਾ ਸ਼ੌਕੀਨ ਹੈ।