ਕੇਂਦਰ ਸਰਕਾਰ ਨੇ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ 20 ਲੱਖ ਟਨ ਵਾਧੂ ਕਣਕ ਖੁੱਲ੍ਹੀ ਮੰਡੀ ਵਿਚ ਵੇਚਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਨੇ 25 ਜਨਵਰੀ ਨੂੰ ਕਣਕ ਅਤੇ ਕਣਕ ਦੇ ਆਟੇ ਦੀਆਂ ਕੀਮਤਾਂ ਵਿਚ ਵਾਧੇ ਨੂੰ ਰੋਕਣ ਲਈ ਆਪਣੇ ਬਫਰ ਸਟਾਕ ਤੋਂ 30 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ ਵਿੱਚ ਵੇਚਣ ਦਾ ਐਲਾਨ ਕੀਤਾ ਸੀ।
ਮੰਗਲਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ, ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਭਾਰਤੀ ਖ਼ੁਰਾਕ ਨਿਗਮ (ਐੱਫ. ਸੀ. ਆਈ.) ਓਪਨ ਮਾਰਕੀਟ ਸੇਲ ਸਕੀਮ (ਓ. ਐੱਮ. ਐੱਸ. ਐੱਸ.) ਦੇ ਤਹਿਤ 20 ਲੱਖ ਟਨ ਵਾਧੂ ਕਣਕ ਨੂੰ ਖੁੱਲ੍ਹੀ ਮੰਡੀ ’ਚ ਲਿਆਵੇਗੀ। ਇਹ ਸਟਾਕ ਈ-ਨਿਲਾਮੀ ਰਾਹੀਂ ਆਟਾ ਮਿੱਲਰਾਂ/ਨਿੱਜੀ ਵਪਾਰੀਆਂ/ਕਣਕ ਉਤਪਾਦਾਂ ਦੇ ਥੋਕ ਖ਼ਰੀਦਦਾਰਾਂ/ਨਿਰਮਾਤਾਵਾਂ ਨੂੰ ਵਿਕਰੀ ਲਈ ਹੋਵੇਗਾ।
ਸੂਤਰਾਂ ਨੇ ਦੱਸਿਆ ਕਿ ਕਣਕ ਦੇ ਸਟਾਕ ਨੂੰ ਖੁੱਲ੍ਹੀ ਮੰਡੀ ਵਿਚ ਵੇਚਣ ਦੀ ਤਜਵੀਜ਼ ਮੰਤਰੀਆਂ ਦੇ ਇਕ ਸਮੂਹ ਨੇ ਲਿਆਂਦੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ 50 ਲੱਖ ਟਨ (30+20 ਲੱਖ ਟਨ) ਕਣਕ ਓ. ਐੱਮ. ਐੱਸ. ਐੱਸ. ਦੇ ਤਹਿਤ ਵੇਚਣ ਦਾ ਫ਼ੈਸਲਾ ਕੀਤਾ ਗਿਆ ਹੈ। 20 ਲੱਖ ਟਨ ਕਣਕ ਦੀ ਵਾਧੂ ਵਿਕਰੀ ਦੇ ਨਾਲ ਰਿਜ਼ਰਵ ਕੀਮਤ ਵਿਚ ਕਟੌਤੀ ਵਰਗੇ ਫ਼ੈਸਲੇ ਖਪਤਕਾਰਾਂ ਲਈ ਕਣਕ ਅਤੇ ਕਣਕ ਦੇ ਉਤਪਾਦਾਂ ਦੀ ਮਾਰਕੀਟ ਕੀਮਤ ਨੂੰ ਹੇਠਾਂ ਲਿਆਉਣ ਵਿਚ ਮਦਦ ਕਰਨਗੇ।