ਜਲੰਧਰ : ਫਰਵਰੀ ‘ਚ ਹੀ ਤਾਪਮਾਨ ਵਧਣ ਨਾਲ ਮਾਰਚ ਵਰਗਾ ਮੌਸਮ ਨਾ ਸਿਰਫ ਫਸਲਾਂ ਲਈ, ਬਲਕਿ ਲੋਕਾਂ ਦੀ ਸਿਹਤ ਲਈ ਵੀ ਮਾੜਾ ਸਿੱਧ ਹੋਣ ਲੱਗਾ ਹੈ। ਦਿਨੇ ਗਰਮੀ ਤੇ ਸਵੇਰੇ-ਸ਼ਾਮ ਨੂੰ ਮੌਸਮ ‘ਚ ਠੰਢਕ ਲੋਕਾਂ ਦੀ ਸਿਹਤ ਵਿਗਾੜ ਰਹੀ ਹੈ। ਦਿਨ ਵੇਲੇ ਤਾਪਮਾਨ ਵਧਣ ਦੇ ਨਾਲ-ਨਾਲ ਚੱਲਣ ਵਾਲੀ ਬਰਫ਼ੀਲੀ ਹਵਾ ਲੋਕਾਂ ਨੂੰ ਬਿਮਾਰ ਕਰ ਰਹੀ ਹੈ। ਇਨੀਂ ਦਿਨੀਂ ਵਾਇਰਲ ਬਿਮਾਰੀਆਂ ਵੀ ਲੋਕਾਂ ਨੂੰ ਲਪੇਟ ‘ਚ ਲੈਣ ਲੱਗੀਆਂ ਹਨ। ਸਰਕਾਰੀ ਤੇ ਪ੍ਰਰਾਈਵੇਟ ਹਸਪਤਾਲਾਂ ‘ਚ ਬੁਖਾਰ, ਗਲਾ ਖ਼ਰਾਬ ਤੇ ਜੁਕਾਮ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਸਪਤਾਲਾਂ ‘ਚ ਮਰੀਜ਼ਾਂ ਦੀ ਓਪੀਡੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਡਾਕਟਰ ਨੂੰ ਇਸ ਤਾਪਮਾਨ ‘ਚ ਉਤਰਾਅ-ਚੜ੍ਹਾਅ ਦਾ ਕਾਰਨ ਮੰਨ ਰਹੇ ਹਨ। ਡਾਕਟਰ ਨੇ ਲੋਕਾਂ ਨੂੰ ਫਿਲਹਾਲ ਮੌਸਮ ਅਨੁਸਾਰ ਖਾਣ-ਪੀਣ ਦਾ ਧਿਆਨ ਰੱਖਣ ਦੀ ਸਲਾਹ ਦੇ ਰਹੇ ਹਨ।
ਸਿਵਲ ਹਸਪਤਾਲ ਦੇ ਮੈਡੀਕਲ ਵਿਭਾਗ ਦੇ ਐੱਸਐੱਮਓ ਡਾ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ‘ਚ ਕੁੱਲ ਓਪੀਡੀ 1250 ਦੇ ਕਰੀਬ ਹੈ। ਪਿਛਲੇ ਪੰਜ ਦਿਨਾਂ ‘ਚ 380 ਮਰੀਜ਼ਾਂ ਦੀ ਓਪੀਡੀ ‘ਚ ਵਾਧਾ ਹੋਇਆ ਹੈ। ਓਪੀਡੀ ‘ਚ ਆਉਣ ਵਾਲੇ ਮਰੀਜ਼ਾਂ ‘ਚ ਜ਼ਿਆਦਾਤਰ ਮੈਡੀਕਲ ਦੀ ਓਪੀਡੀ ਹੈ। ਮੈਡੀਕਲ ਦੀ ਓਪੀਡੀ ‘ਚ ਆਉਣ ਵਾਲੇ ਮਰੀਜ਼ਾਂ ‘ਚੋਂ 20 ਤੋਂ 25 ਫ਼ੀਸਦੀ ਕਰੀਬ ਮਰੀਜ਼ ਵਾਇਰਲ ਦਾ ਸ਼ਿਕਾਰ ਹਨ। ਲੋਕ ਬੁਖਾਰ, ਖੰਘ, ਗਲੇ ‘ਚ ਦਰਦ, ਮੂੰਹ ਸੁੱਕਣਾ ਤੇ ਹਲਕੇ ਜੁਕਾਮ ਦੀ ਸ਼ਿਕਾਇਤ ਕਰਦੇ ਹਨ। ਮਰੀਜ਼ਾਂ ਨੂੰ ਠੀਕ ਹੋਣ ‘ਚ ਅੌਸਤਨ ਪੰਜ ਦਿਨ ਲੱਗਦੇ ਹਨ। ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਦਾ ਵਧੇਰੇ ਖ਼ਤਰਾ ਹੈ। ਹਸਪਤਾਲ ਦੇ ਸਟਾਕ ‘ਚ ਖਾਂਸੀ ਦੀ ਦਵਾਈ, ਐਂਟੀ ਐਲਰਜੀ, ਐਂਟੀਬਾਇਓਟਿਕਸ, ਪੇਟ ਗੈਸ, ਬੁਖਾਰ ਆਦਿ ਦੀਆਂ ਦਵਾਈਆਂ ਦਾ ਲੋੜੀਂਦਾ ਸਟਾਕ ਮੌਜੂਦ ਹੈ। ਬਾਲ ਰੋਗ ਮਾਹਰ ਡਾ. ਐੱਮਐੱਸ ਭੂਟਾਨੀ ਦਾ ਕਹਿਣਾ ਹੈ ਕਿ ਬਦਲਦਾ ਮੌਸਮ ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰ ਰਿਹਾ ਹੈ। 35-40 ਫ਼ੀਸਦੀ ਦੇ ਕਰੀਬ ਬੱਚੇ ਇਸ ਬੁਖਾਰ, ਖੰਘ, ਜੁਕਾਮ, ਗਲਾ ਖ਼ਰਾਬ ਕਾਰਨ ਇਲਾਜ ਲਈ ਆ ਰਹੇ ਹਨ। ਇਨ੍ਹਾਂ ‘ਚੋਂ 10 ਫ਼ੀਸਦੀ ਦੇ ਕਰੀਬ ਬੱਚੇ ਨਿਮੋਨੀਆ ਦੀ ਲਪੇਟ ‘ਚ ਹਨ। ਬੱਚਿਆ ਨੂੰ ਫਾਸਟ ਫੂਡ, ਠੰਢਾ ਪਾਣੀ ਤੇ ਬਾਜ਼ਾਰ ਦੀਆ ਚੀਜ਼ਾਂ ਖਾਣਾ ਵੀ ਇਕ ਕਾਰਨ ਹੈ। ਬੱਚੇ ਗਰਮ ਕੱਪੜੇ ਲਾਹੁਣ ਲੱਗੇ ਹਨ ਤੇ ਮੌਸਮ ‘ਚ ਠੰਢਕ ਦਾ ਸ਼ਿਕਾਰ ਹੋ ਰਹੇ ਹਨ।