ਿਫ਼ਲੌਰ : ਸਾਈਬਰ ਠੱਗੀ ਦਾ ਇਕ ਮਾਮਲਾ ਪਿੰਡ ਪੰਜ ਢੇਰਾਂ ਵਾਸੀ ਮਨਜੀਤ ਨਾਲ ਵਾਪਰਿਆ ਹੈ। ਮਨਜੀਤ ਵੱਲੋਂ ਆਨਲਾਈਨ ਮੰਗਵਾਇਆ ਸਾਮਾਨ ਸਹੀ ਨਾ ਹੋਣ ਕਾਰਨ ਵਾਪਸ ਭੇਜਣ ਤੇ ਰਕਮ ਵਾਪਸ ਮੰਗਵਾਉਣ ਲਈ ਫੋਨ ਨੰਬਰ ‘ਤੇ ਗੱਲਬਾਤ ਮਗਰੋਂ ਖਾਤੇ ‘ਚੋਂ ਚਾਰ ਲੱਖ ਨਿਕਲ ਗਏ। ਪੀੜਤ ਮਨਜੀਤ ਨੇ ਦੱਸਿਆ ਕਿ 10 ਦਿਨ ਪਹਿਲਾਂ ਉਸ ਨੇ ਆਨਲਾਈਨ ਕੋਈ ਸਾਮਾਨ ਮੰਗਵਾਇਆ ਸੀ ਜਿਸ ਦੀ ਕੀਮਤ 350 ਰੁਪਏ ਸੀ। ਸਾਮਾਨ ਸਹੀ ਨਹੀਂ ਨਿਕਲਿਆ ਤਾਂ ਉਸ ਨੇ ਵਾਪਸੀ ਪਾ ਦਿੱਤੀ। ਬੀਤੇ ਦਿਨ ਉਸ ਨੂੰ ਮੋਬਾਈਲ ਨੰਬਰ 85094-89147 ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਜੋ ਸਾਮਾਨ ਉਨ੍ਹਾਂ ਨੇ ਵਾਪਸ ਕੀਤਾ ਹੈ, ਉਸ ਦੇ ਪੈਸੇ ਖਾਤੇ ‘ਚ ਪਾ ਦਿੱਤੇ ਗਏ ਹਨ। ਉਹ ਫੋਨ ਹੋਲਡ ਕਰ ਕੇ ਚੈੱਕ ਕਰਕੇ ਦੱਸੇ ਕਿ ਖਾਤੇ ‘ਚ ਪੈਸੇ ਆ ਗਏ ਹਨ। ਮਨਜੀਤ ਨੇ ਜਦੋਂ ਦੇਖਿਆ ਕਿ ਉਸ ਦੇ ਖਾਤੇ ‘ਚ ਪੈਸੇ ਨਹੀਂ ਆਏ ਤਾਂ ਉਨ੍ਹਾਂ ਨੇ ਫ਼ੋਨ ਕੱਟ ਦਿੱਤਾ। ਫੋਨ ਬੰਦ ਹੋਣ ਤੋਂ 15 ਮਿੰਟ ਬਾਅਦ ਉਸ ਦੇ ਖਾਤੇ ‘ਚੋਂ ਇਕ-ਇਕ ਲੱਖ ਕਰਕੇ 4 ਲੱਖ ਕਢਵਾ ਲਏ ਗਏ। ਥੋੜ੍ਹੀ ਦੇਰ ਬਾਅਦ ਉਸ ਨੂੰ ਬੈਂਕ ਮੈਨੇਜਰ ਦਾ ਫ਼ੋਨ ਆਇਆ ਕਿ ਉਹ ਆਨਲਾਈਨ ਪੇਮੈਂਟ ਕਿਸ ਦੇ ਖਾਤੇ ‘ਚ ਪਵਾ ਰਹੇ ਹਨ। ਜਦੋਂ ਮਨਜੀਤ ਨੇ ਕਿਹਾ ਕਿ ਉਸ ਨੇ ਕਿਸੇ ਨੂੰ ਰਕਮ ਨਹੀਂ ਭੇਜੀ। ਬੈਂਕ ਮੈਨੇਜਰ ਨੇ ਮਨਜੀਤ ਦੱਸਿਆ ਕਿ ਉਨ੍ਹਾਂ ਦੇ ਖਾਤੇ ‘ਚ 4 ਲੱਖ ਨਿਕਲ ਗਏ ਹਨ, ਤੁਰੰਤ ਬੈਂਕ ‘ਚ ਆ ਕੇ ਖਾਤਾ ਬਲਾਕ ਕਰਵਾਉਣ। ਮਨਜੀਤ ਨੇ ਖਾਤਾ ਬਲਾਕ ਕਰਵਾਉਣ ਉਪਰੰਤ ਤੁਰੰਤ ਘਟਨਾ ਦੀ ਸ਼ਿਕਾਇਤ ਸਥਾਨਕ ਪੁਲਿਸ ਕੋਲ ਦਿੱਤੀ ਜਿਨ੍ਹਾਂ ਨੇ ਉਸ ਨੂੰ ਸਾਈਬਰ ਕ੍ਰਾਈਮ ਸੈੱਲ ਜਲੰਧਰ ਭੇਜ ਦਿੱਤਾ। ਉਸ ਨੇ ਆਪਣੀ ਸ਼ਿਕਾਇਤ ਸਾਈਬਰ ਸੈੱਲ ‘ਚ ਦਰਜ ਕਰਵਾਉਂਦਿਆਂ ਮੰਗ ਕੀਤੀ ਹੈ ਕਿ ਅਜਿਹੇ ਠੱਗਾਂ ਨੂੰ ਤੁਰੰਤ ਗਿ੍ਫਤਾਰ ਕਰ ਕੇ ਉਸ ਦੇ ਰੁਪਏ ਵਾਪਸ ਕਰਵਾਏ ਜਾਣ।