ਫ਼ੀਸ ਤਰੁੱਟੀਆਂ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ‘ਚ ਬੈਠਣ ਤੋਂ ਰੋਕਿਆ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫ਼ਰਵਰੀ/ਮਾਰਚ-2023 ਵਿੱਚ ਲਈ ਜਾਣ ਵਾਲੀ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਫ਼ੀਸ ਤਰੁੱਟੀਆਂ ਕਾਰਨ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ। ਇਸ ਕਰਕੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਕਾਫੀ ਫਿਕਰਮੰਦ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਕੁਤਾਹੀ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।

ਉਧਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਫ਼ੀਸ ਤਰੁੱਟੀਆਂ ਕਾਰਨ ਪ੍ਰੀਖਿਆ ਵਿਚ ਨਾ ਬਿਠਾਏ ਜਾਣ ਦਾ ਨੋਟਿਸ ਲਿਆ ਹੈ। ਉਨ੍ਹਾਂ ਸਿੱਖਿਆ ਬੋਰਡ ਦੇ ਚੇਅਰਪਰਸਨ ਨੂੰ ਪੱਤਰ ਲਿਖ ਕੇ ਪੀੜਤ ਵਿਦਿਆਰਥੀਆਂ ਦਾ ਕੀਮਤੀ ਸਮਾਂ ਬਰਬਾਦ ਹੋਣ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੋਰਡ ਚੇਅਰਪਰਸਨ ਨੂੰ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਵਿੱਚ ਬੈਠਣ ਤੋਂ ਨਾ ਰੋਕਿਆ ਜਾਵੇ ਤੇ ਕੁਤਾਹੀ ਲਈ ਜ਼ਿੰਮੇਵਾਰ ਸਕੂਲਾਂ ਜਾਂ ਅਧਿਆਪਕਾਂ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਕਰਕੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।