ਮਾਲੇਰਕੋਟਲਾ ਦੇ ਪਿੰਡ ਹਥਨ ਦੇ ਸਰਪੰਚ ਰਘਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਉੱਪਰ ਬਗੈਰ ਕਿਸੇ ਮਨਜ਼ੂਰੀ ਦੇ ਸਕੂਲ ’ਚੋਂ ਦਰੱਖ਼ਤ ਵੇਚਣ ਦੇ ਦੋਸ਼ ਲੱਗੇ ਹਨ। ਸਰਪੰਚ ਰਘਵੀਰ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ ’ਚ ਪੰਚਾਇਤ ਵੱਲੋਂ ਪਿੰਡ ’ਚ ਕਈ ਵਿਕਾਸ ਕਾਰਜ ਕੀਤੇ ਹਨ। ਉਨ੍ਹਾਂ ਵੱਲੋਂ ਕੋਈ ਗ਼ਲਤ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਸਿਆਸੀ ਕਾਰਨਾਂ ਕਰ ਕੇ ਮੁਅੱਤਲ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਪਿੰਡ ਹਥਨ ਦੇ ਸਰਪੰਚ ਰਘਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਡਾਇਰੈਕਟਰ ਖਹਿਰਾ ਨੇ ਉਕਤ ਫ਼ੈਸਲੇ ਦੀ ਇੱਕ ਨਕਲ ਸੂਚਨਾ ਤੇ ਲੋੜੀਂਦੀ ਕਾਰਵਾਈ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ-1, ਸ਼ਿਕਾਇਤਕਰਤਾ ਦਰਸ਼ਨ ਸਿੰਘ ਨੂੰ ਭੇਜੀ ਹੈ।
ਖਹਿਰਾ ਨੇ ਉਕਤ ਨੂੰ ਭੇਜੀ ਫ਼ੈਸਲੇ ਦੀ ਨਕਲ ’ਚ ਲਿਖਿਆ ਹੈ ਕਿ ਸਰਪੰਚ ਖ਼ਿਲਾਫ਼ ਉਕਤ ਕਾਰਵਾਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਵੱਲੋਂ ਪਿੰਡ ਹਥਨ ਦੇ ਸਰਪੰਚ ਰਘਵੀਰ ਸਿੰਘ ਸਬੰਧੀ ਭੇਜੀ ਰਿਪੋਰਟ, ਜਿਸ ਅਨੁਸਾਰ ਉਕਤ ਸਰਪੰਚ ਵੱਲੋਂ ਪਿੰਡ ਹਥਨ ਦੇ ਸਕੂਲ ਦੇ ਗਰਾਊਂਡ ਵਿੱਚੋਂ ਬਗ਼ੈਰ ਕਿਸੇ ਵਿਭਾਗੀ ਮਨਜ਼ੂਰੀ ਤੇ ਪੰਚਾਇਤ ਦਾ ਮਤਾ ਪਾਸ ਕੀਤਿਆਂ ਦਰੱਖ਼ਤ ਵੱਡ ਕੇ ਵੇਚਣ ਦਾ ਦੋਸ਼ ਸਾਬਤ ਹੋਣ ਤੋਂ ਬਾਅਦ ਕੀਤੀ ਗਈ ਹੈ।
ਡਾਇਰੈਕਟਰ ਖਹਿਰਾ ਨੇ ਆਪਣੇ ਹੁਕਮਾਂ ’ਚ ਕਿਹਾ ਹੈ ਕਿ ਸਰਪੰਚ ਨੇ ਅਜਿਹਾ ਕਰਕੇ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਬਲਕਿ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਖਹਿਰਾ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਬੈਂਕਾਂ ’ਚ ਸਰਪੰਚ ਦੇ ਨਾਂ ’ਤੇ ਗ੍ਰਾਮ ਪੰਚਾਇਤ ਦੇ ਖ਼ਾਤੇ ਚੱਲਦੇ ਹਨ। ਉਹ ਖ਼ਾਤੇ ਤੁਰੰਤ ਸੀਲ ਕੀਤੇ ਜਾਣ ਤੇ ਉਸ ਤੋਂ ਚਾਰਜ ਲਿਆ ਜਾਵੇ।