05/19/2024 4:53 PM

ਸਵਾਰੀਆਂ ਤੇ ਬੱਸ ਕੰਡਕਟਰ ਵਿਚਾਲੇ ਹੱਥੋਂਪਾਈ

ਜਲੰਧਰ : ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੀ ਬੱਸ ‘ਚ ਚੜ੍ਹੀਆਂ ਸਵਾਰੀਆਂ ਵਿਚੋਂ ਜਦ ਦੋ ਸਵਾਰੀਆਂ ਹੇਠਾਂ ਰਹਿ ਗਈਆਂ ਤਾਂ ਬੱਸ ‘ਚ ਚੜ੍ਹੀਆਂ ਸਵਾਰੀਆਂ ਨਾਲ ਬੱਸ ਕੰਡਕਟਰ ਦੀ ਬਹਿਸਬਾਜ਼ੀ ਹੋ ਗਈ ਜੋ ਹੱਥੋਪਾਈ ਤਕ ਪਹੁੰਚ ਗਈ। ਇਸ ਤੋਂ ਬਾਅਦ ਬੱਸ ਦੇ ਡਰਾਈਵਰ ਨੇ ਬਸ ਸੜਕ ਵਿਚਾਲੇ ਲਾ ਕੇ ਜਾਮ ਲਗਾ ਦਿੱਤਾ।ਜਾਣਕਾਰੀ ਅਨੁਸਾਰ ਜਲੰਧਰ ਬੱਸ ਸਟੈਂਡ ਤੋਂ ਹੁਸ਼ਿਆਰਪੁਰ ਜਾਣ ਲਈ ਪੰਜਾਬ ਰੋਡਵੇਜ਼ ਦੀ ਬੱਸ ਅੱਡੇ ਤੋਂ ਬਾਹਰ ਨਿਕਲੀ ਤੇ ਪੁਲ ਹੇਠਾਂ ਜਾ ਕੇ ਖੜ੍ਹੀ ਹੋ ਗਈ। ਇਸ ਦੌਰਾਨ 4 ਸਵਾਰੀਆਂ ਬੱਸ ‘ਚ ਬੈਠ ਗਈਆਂ ਜਦਕਿ ਉਨ੍ਹਾਂ ਦੀਆਂ ਦੋ ਸਵਾਰੀਆਂ ਹੇਠਾਂ ਰਹਿ ਗਈਆਂ ਤੇ ਬੱਸ ਚੱਲ ਪਈ। ਬੱਸ ‘ਚ ਬੈਠੀਆਂ ਸਵਾਰੀਆਂ ਨੇ ਕੰਡਕਟਰ ਨੂੰ ਬੱਸ ਰੋਕਣ ਲਈ ਕਿਹਾ ਤਾਂ ਉਸ ਨੇ ਨਾਂਹ ਕਰ ਦਿੱਤੀ। ਇਸ ‘ਤੇ ਬੱਸ ਵਿੱਚ ਬੈਠੀਆਂ ਸਵਾਰੀਆਂ ਤੇ ਕੰਡਕਟਰ ਵਿਚਾਲੇ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਦੋਵੇਂ ਧਿਰਾਂ ਆਪਸ ‘ਚ ਹੱਥੋਪਾਈ ਤਕ ਉਤਰ ਆਏ। ਵਿਵਾਦ ਵਧਦਾ ਦੇਖ ਕੇ ਡਰਾਈਵਰ ਨੇ ਬੱਸ ਰੋਕ ਲਈ ਤੇ ਸੜਕ ਵਿਚਾਲੇ ਖੜ੍ਹੀ ਕਰ ਦਿੱਤੀ। ਉਸ ਨਾਲ ਮੌਕੇ ‘ਤੇ ਕਾਫੀ ਲੰਮਾ ਜਾਮ ਲੱਗ ਗਿਆ। ਜਾਮ ਲੱਗਾ ਦੇਖ ਮੌਕੇ ‘ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਦੋਹਾਂ ਧਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਸਮਝਣ ਦੀ ਬਜਾਏ ਵਿਵਾਦ ਕਰਦੇ ਰਹੇ। ਇਸ ਤੋਂ ਬਾਅਦ ਥਾਣਾ ਬਾਰਾਦਰੀ ਦੇ ਮੁਖੀ ਇੰਸਪੈਕਟਰ ਅਨਿਲ ਕੁਮਾਰ ਤੇ ਥਾਣੇਦਾਰ ਬਲਕਰਨ ਸਿੰਘ ਮੌਕੇ ‘ਤੇ ਪੁੱਜੇ ਤੇ ਦੋਵਾਂ ਨੂੰ ਥਾਣੇ ਲੈ ਗਏ। ਥਾਣੇ ‘ਚ ਦੋਹਾਂ ਧਿਰ ‘ਚ ਰਾਜ਼ੀਨਾਮਾ ਹੋ ਗਿਆ। ਪੁਲਿਸ ਵੱਲੋਂ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

Related Posts