ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨੂੰ ਲੈ ਕੇ ਬਿਜਲੀ ਵਿਭਾਗ ਦੇ ਐਸਪੀ ਦਫਤਰਾਂ ਦੇ ਬਾਹਰ ਘਿਰਾਓ ਕੀਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਬਿਜਲੀ ਕੱਟਾਂ ਕਰਕੇ ਫਸਲਾਂ ਦਾ ਹੋ ਸਕਦਾ ਭਾਰੀ ਨੁਕਸਾਨ
ਕਿਸਾਨ ਸੰਗਠਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪਿੰਡ ਵਿੱਚ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਗਰਮੀ ਦਾ ਮੌਸਮ ਆ ਰਿਹਾ ਹੈ ਤੇ ਫਸਲਾਂ ਵੀ ਪੱਕਣ ਵਾਲੀਆਂ ਹਨ। ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ।
ਮੰਗਾਂ ਨਾ ਪੂਰੀਆਂ ਹੋਣ ‘ਤੇ ਸੰਘਰਸ਼ ਕਰਨਗੇ ਤੇਜ਼
ਕਿਸਾਨਾਂ ਨੇ ਕਿਹਾ ਕਿ ਜੇਕਰ ਬਿਜਲੀ ਵਿਭਾਗ ਵਲੋਂ ਲਗਾਕਾਰ 8 ਘੰਟੇ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਗਈ ਅਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
ਬਿਜਲੀ ਵਿਭਾਗ ਕੁਝ ਨਹੀਂ ਕਰ ਸਕਦਾ
ਉੱਥੇ ਮੌਕੇ ‘ਤੇ ਡਿਊਟੀ ‘ਤੇ ਤਾਇਨਾਤ ਬਿਜਲੀ ਵਿਭਾਗ ਦੇ ਐਸ.ਸੀ.ਅਧਿਕਾਰੀ ਤੇਜ ਬਾਂਸਲ ਨੇ ਕਿਹਾ ਕਿ ਬਿਜਲੀ ਕੱਟਾਂ ਸਬੰਧੀ ਪੰਜਾਬ ਸਰਕਾਰ ਦੀਆਂ ਨੀਤੀਆਂ ਤਹਿਤ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਅਤੇ ਵਿਭਾਗ ਇਸ ‘ਚ ਕੁਝ ਨਹੀਂ ਕਰ ਸਕਦਾ। ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਬਿਜਲੀ ਵਿਭਾਗ ਦੇ ਐਸ.ਸੀ ਅਧਿਕਾਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਨੀਤੀ ਹੈ ਕਿ ਬਿਜਲੀ ਕਿਸ ਸਮੇਂ ਦਿੱਤੀ ਜਾਵੇ ਚਾਹੇ ਦਿਨ ਹੋਵੇ ਜਾਂ ਰਾਤ, ਬਰਨਾਲਾ ਬਿਜਲੀ ਵਿਭਾਗ ਇਸ ਬਾਰੇ ਕੁਝ ਨਹੀਂ ਕਰ ਸਕਦਾ।