ਜਲੰਧਰ- ਥਾਣਾ ਨੰਬਰ-6 ਦੀ ਪੁਲਸ ਨੇ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਮੋਬਾਈਲ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਗਿ੍ਫਤਾਰ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਮੋਬਾਇਲ ਅਤੇ ਵਾਰਦਾਤਾਂ ਵਿਚ ਵਰਤੀ ਜਾਣ ਵਾਲੀ ਐਕਟਿਵਾ ਵੀ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਮੇਜਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਚੌਂਕ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਉਨਾਂ੍ਹ ਨੂੰ ਨਿਲੇਸ਼ ਕੁਮਾਰ ਵਾਸੀ ਯੂ ਪੀ ਨੇ ਸ਼ਿਕਾਇਤ ਕੀਤੀ ਸੀ ਕਿ ਐਕਟਿਵਾ ਸਵਾਰ ਦੋ ਨੌਜਵਾਨ ਉਸ ਦਾ ਮੋਬਾਈਲ ਝਪਟ ਕੇ ਚਲੇ ਗਏ ਹਨ ਤੇ ਦੋਵੇਂ ਨੌਜਵਾਨ ਇਸ ਵੇਲੇ ਗਰੀਨ ਪਾਰਕ ਵਿਚ ਮੌਜੂਦ ਹਨ। ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਨੇ ਦੱਸੀ ਥਾਂ ‘ਤੇ ਛਾਪੇਮਾਰੀ ਕਰ ਕੇ ਸੁਮਿਤ ਕੁਮਾਰ ਅਤੇ ਵਿੱਕੀ ਦੋਵੇਂ ਵਾਸੀ ਬੂਟਾ ਪਿੰਡ ਨੂੰ ਗਿ੍ਫਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਵੱਖ-ਵੱਖ ਕੰਪਨੀਆਂ ਦੇ 6 ਮੋਬਾਇਲ ਵੀ ਬਰਾਮਦ ਕਰ ਲਏ। ਪੁੱਛਗਿੱਛ ਵਿਚ ਮੁਲਜ਼ਮਾਂ ਨੇ ਮੰਨਿਆ ਕਿ ਉਹ ਲੁੱਟੇ ਹੋਏ ਮੋਬਾਈਲ ਸੰਦੀਪ ਆਹੂਜਾ ਨੂੰ ਵੇਚਦੇ ਹਨ। ਜਿਸ ‘ਤੇ ਪੁਲਿਸ ਨੇ ਦੁਕਾਨਦਾਰ ਸੰਦੀਪ ਨੂੰ ਵੀ ਗਿ੍ਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ|