ਲੁਧਿਆਣਾ : ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਨੂੰ ਲੈ ਕੇ ਵਿਭਾਗ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਜਿਸ ਕੰਪਨੀ ਨੂੰ ਇਮਾਰਤਾਂ ਬਣਾਉਣ ਦਾ ਠੇਕਾ ਦਿੱਤਾ ਗਿਆ ਹੈ, ਉਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਨਿਰਮਾਣ ਕਾਰਜ ਨੂੰ ਵੱਖ-ਵੱਖ ਪੜਾਵਾਂ ਵਿਚ ਕੀਤਾ ਜਾਣਾ ਹੈ, ਜਿਸ ਕਾਰਨ ਸਭ ਤੋਂ ਪਹਿਲਾਂ ਪਾਰਕਿੰਗ ਅਤੇ ਐਂਟਰੀ ਗੇਟ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਪਲੇਟਫਾਰਮ ਨੰਬਰ 1 ’ਤੇ ਸਥਿਤ ਦਫ਼ਤਰਾਂ ਨੂੰ ਅਸਥਾਈ ਤੌਰ ’ਤੇ ਸ਼ਿਫਟ ਕੀਤਾ ਜਾਵੇਗਾ, ਜਿਸ ਲਈ ਕੁੱਝ ਸਥਾਨਾਂ ’ਤੇ ਦਫ਼ਤਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਵਿਭਾਗੀ ਜਾਣਕਾਰੀ ਮੁਤਾਬਕ ਪੁਰਾਣਾ ਐਂਟਰੀ ਗੇਟ ਬੰਦ ਹੋਵੇਗਾ। ਪਹਿਲੇ ਪੜਾਅ ਵਿਚ ਆਰ. ਐੱਮ. ਐੱਸ. ਆਫਿਸ ਤੋਂ ਵਾਹਨਾਂ ਨੂੰ ਐਂਟਰੀ ਮਿਲੇਗੀ ਅਤੇ ਉਨ੍ਹਾਂ ਨੂੰ ਰਿਜ਼ਰਵੇਸ਼ਨ ਗੇਟ ਦੇ ਰਸਤੇ ਬਾਹਰ ਕੱਢਿਆ ਜਾਵੇਗਾ, ਜਦਕਿ ਆਰ. ਐੱਮ. ਐੱਸ. ਆਫਿਸ ਦੇ ਰਸਤੇ ਹੀ ਯਾਤਰੀਆਂ ਨੂੰ ਦਾਖ਼ਲਾ ਮਿਲੇਗਾ, ਜਿਸ ਲਈ ਪਲੇਟਫਾਰਮ ਨੰਬਰ 1 ’ਤੇ ਸਥਿਤ ਰੇਲਵੇ ਚਾਈਲਡ ਲਾਈਨ ਅਤੇ ਹੋਰ ਦਫ਼ਤਰਾਂ ਨੂੰ ਉਥੋਂ ਹਟਾ ਕੇ ਦੂਜੀ ਜਗ੍ਹਾ ਭੇਜਿਆ ਜਾਵੇਗਾ।
ਇਸੇ ਤਰ੍ਹਾਂ ਮਾਲ ਗੋਦਾਮ ਵਾਲੀ ਸਾਈਡ ਤੋਂ ਯਾਤਰੀਆਂ ਨੂੰ ਪਲੇਟਫਾਰਮ ਨੰਬਰ-1 ’ਤੇ ਜਾਣ ਲਈ ਰਸਤਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੋਵੇਂ ਪਾਸੇ ਯਾਤਰੀਆਂ ਨੂੰ ਪਾਰਕਿੰਗ ਦੀ ਵਿਵਸਥਾ ਦਿੱਤੀ ਜਾਵੇਗਾ ਅਤੇ ਪਾਰਕਿੰਗ ਠੇਕੇਦਾਰ ਨੂੰ ਜਗ੍ਹਾ ਦਿੱਤੀ ਜਾਵੇਗਾ। ਇਮਾਰਤਾਂ ਬਣਨ ਤੋਂ ਬਾਅਦ ਮੇਨ ਐਂਟਰੀ ਖੋਲ੍ਹੀ ਜਾਵੇਗੀ। ਨਿਰਮਾਣ ਕਾਰਜਾਂ ਨੂੰ ਦੇਖਦਿਆਂ ਪਲੇਟਫਾਰਮ ਨੰਬਰ-1 ’ਤੇ ਰਸ਼ ਘੱਟ ਕਰਨ ਲਈ ਵਿਭਾਗ ਵੱਲੋਂ ਲੰਬੀ ਦੂਰੀ ਦੀਆਂ ਟਰੇਨਾਂ ਦਾ ਠਹਿਰਾਅ ਢੰਡਾਰੀ ਰੇਲਵੇ ਸਟੇਸ਼ਨ ’ਤੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਹਿਮਗਿਰੀ ਐਕਸਪ੍ਰੈੱਸ, ਅਮਰਪਾਲੀ ਐਕਸਪ੍ਰੈੱਸ, ਜਨ ਸਾਧਾਰਣ ਐਕਸਪ੍ਰੈਸ, ਸ਼ਹੀਦ ਐਕਸਪ੍ਰੈੱਸ, ਅਰਚਨਾਂ ਐਕਸਪ੍ਰੈੱਸ, ਸਰਯੂ ਯਮੁਨਾ ਅਤੇ ਕੁੱਝ ਸਪੈਸ਼ਨ ਟਰੇਨਾਂ ਦੇ ਠਹਿਰਾਅ ਸਬੰਧੀ ਗੱਲ ਕੀਤੀ ਜਾ ਰਹੀ ਹੈ।
ਵਿਭਾਗੀ ਜਾਣਕਾਰੀ ਮੁਤਾਬਕ ਡੈਡੀਕੇਟ ਫ੍ਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਬਣਾਈ ਜਾ ਰਹੀ ਤੀਜੀ ਲਾਈਨ ਨੂੰ ਲੈ ਕੇ ਨਾਨ ਇੰਟਰਲਾਕਿੰਗ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸਰਾਯ ਬੰਜਾਰਾ ਯਾਰਡ ਦੇਕੋਲ ਪਿਲਖਾਨੀ ਸਾਹਨੇਵਾਲ ਦੇ ਵਿਚ ਸੈਕਸ਼ਨ ਦੇ ਵਿਚ ਇਹ ਕੰਮ ਸ਼ੁਰੂ ਕਰਨ ਲਈ ਕੁੱਝ ਟਰੇਨਾਂ ਨੂੰ ਅਸਥਾਈ ਤੌਰ ’ਤੇ ਰੱਦ ਕੀਤਾ ਜਾਵੇਗਾ। ਕੁਝ ਨੂੰ ਡਾਇਵਰਟ ਕਰਕੇ, ਕੁੱਝ ਨੂੰ ਰੋਕ ਕੇ ਚਲਾਇਆ ਜਾਵੇਗਾ। ਵਿਭਾਗ ਵੱਲੋਂ ਇਸ ਸਬੰਧੀ ਤਿਆਰੀ ਕੀਤੀ ਜਾ ਰਹੀ ਹੈ।