ਦਿੱਲੀ ਦੰਗਿਆਂ ਵਿਚ ਕੜਕੜਡੁੰਮਾ ਅਦਾਲਤ ਨੇ ਮੰਗਲਵਾਰ ਨੂੰ ਵੱਡਾ ਫ਼ੈਸਲਾ ਸੁਣਾਉਂਦਿਆਂ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਸਾਰਾ ਹੰਗਾਮਾ ਕੀਤਾ ਗਿਆ ਸੀ। ਅਦਾਲਤ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਪੁਲਸ ਵੱਲੋਂ ਮੁਲਜ਼ਮਾਂ ‘ਤੇ ਜੋ ਦੋਸ਼ ਲਗਾਏ ਹਨ, ਉਹ ਪੂਰੀ ਤਰ੍ਹਾਂ ਸਾਬਿਤ ਹੁੰਦੇ ਹਨ। ਇਸ ਮਾਮਲੇ ਵਿਚ 29 ਮਾਰਚ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਆਪਣੇ ਫ਼ੈਸਲੇ ਵਿਚ ਅਦਾਤ ਨੇ ਕਿਹਾ ਕਿ ਦੋਸ਼ੀ ਇਕ ਝੁੰਡ ਦਾ ਹਿੱਸਾ ਬਣੇ ਸਨ। ਉਸ ਝੁੰਡ ਦਾ ਜੋ ਪਹਿਲਾਂ ਹੀ ਫ਼ਿਰਕੂ ਭਾਵਨਾਵਾਂ ਨਾਲ ਭਰਿਆ ਪਿਆ ਸੀ, ਉਸ ਦਾ ਸਿਰਫ਼ ਇਹੀ ਉਦੇਸ਼ ਸੀ ਕਿ ਹਿੰਦੂ ਭਾਈਚਾਰੇ ਦੀ ਜਾਇਦਾਦ ਨੂੰ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਜਾਵੇ। ਪੁਲਸ ਵੱਲੋਂ ਲਗਾਤਾਰ ਪਿੱਛੇ ਹਟਣ ਦੀ ਅਪੀਲ ਕੀਤੀ ਗਈ ਸੀ, ਪਰ ਝੁੰਡ ਨੇ ਆਪਣਾ ਹੰਗਾਮਾ ਜਾਰੀ ਰੱਖਿਆ। ਦੱਸ ਦੇਈਏ ਕਿ ਅਦਾਲਤ ਨੇ ਇਹ ਟਿੱਪਣੀ ਇਕ ਪਟਿਸ਼ਨਰ ਦੀ ਸ਼ਿਕਾਇਤ ‘ਤੇ ਕੀਤੀ ਹੈ।
ਰੇਖਾ ਸ਼ਰਮਾ ਨਾਂ ਦੀ ਇਕ ਔਰਤ ਨੇ ਦੋਸ਼ ਲਗਾਇਆ ਸੀ ਕਿ ਤਿੰਨ ਸਾਲ ਪਹਿਲਾਂ 24-25 ਫ਼ਰਵਰੀ ਨੂੰ ਭੀੜ ਨੇ ਉਨ੍ਹਾਂ ਦੇ ਘਰ ‘ਤੇ ਹੱਲਾ ਬੋਲ ਦਿੱਤਾ ਸੀ। ਸਾਮਾਨ ਲੁੱਟਿਆ ਗਿਆ ਸੀ ਤੇ ਉੱਪਰ ਵਾਲੀ ਮੰਜ਼ਿਲ ਦੇ ਕਮਰੇ ਨੂੰ ਅੱਗ ਲਗਾ ਦਿੱਤੀ ਸੀ। ਉਸ ਵਜ੍ਹਾ ਨਾਲ ਘਰ ਨੂੰ ਬਾਰੀ ਨੁਕਸਾਨ ਹੋਇਆ ਸੀ। ਹੁਣ ਅਦਾਲਤ ਨੇ ਪਟਿਸ਼ਨਰ ਦੇ ਦਾਅਵਿਆਂ ਨੂੰ ਸਹੀ ਮੰਨਿਆ ਹੈ ਤੇ 9 ਮੁਲਜ਼ਮਾਂ ਨੂੰ ਦੋਸ਼ੀ ਪਾਇਆ ਹੈ। ਮੁਲਜ਼ਮਾਂ ਦੇ ਨਾਂ ਮੁਹੰਮਦ ਸ਼ਾਹਨਵਾਜ਼, ਮੁਹੰਮਦ ਸ਼ੋਇਬ, ਸ਼ਾਹਰੁੱਖ, ਰਾਸ਼ਿਦ, ਆਜ਼ਾਦ, ਅਸ਼ਰਫ ਅਲੀ, ਪਰਵੇਜ਼ ਫੈਜ਼ਲ ਤੇ ਰਸ਼ੀਦ ਹਨ।
ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ 23 ਫ਼ਰਵਰੀ 2020 ਨੂੰ ਨਾਰਥ ਈਸਟ ਦਿੱਲੀ ਵਿਚ ਦੰਗਿਆਂ ਦੀ ਸ਼ੁਰੂਆਤ ਹੋਈ ਸੀ, ਜੋ 53 ਲੋਕਾਂ ਦੀ ਮੌਤ ਤੋਂ ਬਾਅਦ 25 ਫ਼ਰਵਰੀ ਨੂੰ ਜਾ ਕੇ ਰੁਕੇ ਸਨ। ਇਨ੍ਹਾਂ ਦੰਗਿਆਂ ਵਿਚ ਪਬਲਿਕ ਤੇ ਪ੍ਰਾਇਵੇਟ ਪ੍ਰਾਪਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਸੀ। ਨਾਰਥ-ਈਸਟ ਦਿੱਲੀ ਜ਼ਿਲ੍ਹੇ ਦੇ ਜਾਫਰਾਬਾਦ, ਸੀਲਮਪੁਰ, ਭਜਨਪੁਰਾ, ਜਿਓਤੀ ਨਗਰ, ਕਰਾਵਲ ਨਗਰ, ਖਜ਼ੂਰੀ ਖਾਸ, ਗੋਕੁਲਪੁਰੀ, ਦਿਆਲਪੁਰ ਤੇ ਨਿਊ ਉਸਮਾਨਪੁਰ ਸਮੇਤ 11 ਪੁਲਸ ਸਟੇਸ਼ਨ ਦੇ ਇਲਾਕਿਆਂ ਵਿਚ 23 ਫ਼ਰਵਰੀ ਤੋਂ ਬਾਅਦ ਦੰਗਾਈਆਂ ਨੇ ਬਹੁਤ ਤਬਾਹੀ ਮਚਾਈ ਸੀ।
ਦਿੱਲੀ ਪੁਲਸ ਦੇ ਮੁਤਾਬਕ ਦੰਗਿਆਂ ਪਿੱਛੇ ਵੱਡੀ ਸਾਜ਼ਿਸ਼ ਸੀ। ਦੰਗਿਆਂ ਦੇ ਮਾਸਟਰਮਾਈਂਡ ਜਾਣਦੇ ਸਨ ਕਿ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਦੰਗਿਆਂ ‘ਤੇ ਇੰਟਰਨੈਸ਼ਨਲ ਮੀਡੀਆ ਦਾ ਧਿਆਨ ਜਾਵੇਗਾ ਤੇ ਇਸ ਨਾਲ ਸਾਰੀ ਦੁਨੀਆ ਵਿਚ ਭਾਰਤ ਦੀ ਬਦਨਾਮੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਚੱਕਾ ਜਾਮ ਦੀ ਯੋਜਨਾ ਬਣਾਈ ਗਈ ਸੀ। ਉਹ ਵੀ ਅਜਿਹੇ ਇਲਾਕਿਆਂ ਵਿਚ ਜੋ ਫਿਰਕੂ ਤੌਰ ‘ਤੇ ਬਹੁਤ ਸੰਵੇਦਨਸ਼ੀਲ ਸਨ।