ਅਵਾਰਾ ਕੁੱਤਿਆਂ ਕਾਰਨ ਪਤਾ ਨਹੀਂ ਕਿੰਨੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਗਰਮੀ ਦਾ ਮੌਸਮ ਆਉਂਦੀ ਹੀ ਇਕ ਵਾਰ ਫਿਰ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ‘ਚ ਇਕ ਦਿਨ ‘ਚ ਹੀ 150 ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਮੁਜ਼ੱਫਰਪੁਰ ਜ਼ਿਲ੍ਹੇ ‘ਚ ਬੀਤੇ 24 ਘੰਟਿਆਂ ‘ਚ ਕੁੱਤਿਆਂ ਦੇ ਵੱਡਣ ਦੇ 150 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੋਕ ਹਸਪਤਾਲ ‘ਚ ਆਪਣਾ ਇਲਾਜ ਕਰਵਾਉਣ ਪਹੁੰਚੇ।
ਜਾਣਕਾਰੀ ਮੁਤਾਬਕ, ਸੋਮਵਾਰ ਨੂੰ ਇਕ ਦਿਨ ‘ਚ 100 ਲੋਕ ਐਂਟੀ ਰੈਬੀਜ਼ ਦਾ ਟੀਕਾ ਲਗਾਉਣ ਸਦਰ ਹਸਪਤਾਲ ਪਹੁੰਚੇ, ਉੱਥੇ ਹੀ 50 ਤੋਂ ਵੱਧ ਲੋਕ ਕ੍ਰਿਸ਼ਣਾ ਮੈਡੀਕਲ ਕਾਲੇਜ ਐਂਡ ਹਸਪਤਾਲ (ਐੱਸ.ਕੇ.ਐੱਮ.ਸੀ.ਐੱਚ.) ਪਹੁੰਚੇ। ਇਸ ਦਰਮਿਆਨ ਲੋਕਾਂ ਦਾ ਕਹਿਣਾ ਹੈ ਕਿ ਹੁਣ ਕੱਤਿਆਂ ਦੇ ਹਮਲੇ ਦੇ ਡਰ ਕਾਰਨ ਘਰੋਂ ਬਾਹਰ ਨਿਕਲਣ ‘ਤੇ ਵੀ ਡਰ ਲਗਦਾ ਹੈ। ਉੱਥੇ ਹੀ ਲਗਾਤਾਰ ਲੋਕਾਂ ਦੇ ਪਹੁੰਚਣ ਕਾਰਨ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਸਟੋਰ ‘ਚ ਮਰੀਜ਼ਾਂ ਦੀ ਲੰਬੀ ਲਾਈਨ ਲੱਗ ਗਈ। ਪੀੜਤਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਕੁਝ ਲੋਕ ਖ਼ੁਦ ਨੂੰ ਬਚਾਉਣ ਲਈ ਆਪਣੇ ਨਾਲ ਡੰਡੇ ਰੱਖਣ ਲੱਗੇ ਹਨ।
ਜ਼ਿਲ੍ਹਾ ਸਿਵਲ ਸਰਜਨ ਦਫ਼ਤਰ ਦੇ ਇਕ ਅਧਿਕਾਰੀ ਅਨੁਸਾਰ ਪਿਛਲੇ 13 ਦਿਨਾਂ ‘ਚ ਰੈਬੀਜ਼ ਰੋਕੂ ਟੀਕਿਆਂ ਦੀਆਂ 4000 ਖੁਰਾਕਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ‘ਚ ਕੁੱਡਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਉਹ ਕੁੱਤੇ ਦੇ ਵੱਡਣ ਤੋਂ ਪਹਿਲਾਂ ਹੀ ਐਂਟੀ-ਰੈਬੀਜ਼ ਵੈਕਸੀਨ ਲੈਣ ਲਈ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਇਸੇ ਦੌਰਾਨ ਮੁਜ਼ੱਫਰਪੁਰ ਨਗਰ ਨਿਗਮ ਨੇ ਜ਼ਿਲ੍ਹੇ ਵਿਚ ਆਵਾਰਾ ਕੁੱਤਿਆਂ ਨੂੰ ਫੜਨ ਲਈ ਮਾਹਿਰਾਂ ਦੀ ਟੀਮ ਨਿਯੁਕਤ ਕੀਤੀ ਹੈ।
ਮੌਸਮ ਬਦਲਣ ਕਾਰਨ ਹਮਲਾਵਰ ਹੋ ਜਾਂਦੇ ਹਨ ਕੁੱਤੇ
ਜ਼ਖ਼ਮੀਆਂ ਨੇ ਦੱਸਿਆ ਕਿ ਉਹ ਸਾਰੇ ਸੜਕ ‘ਤੇ ਜਾ ਰਹੇ ਸਨ ਕਿ ਅਚਾਨਕ ਇਨ੍ਹਾਂ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਵੱਡ ਕੇ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ‘ਚ ਜ਼ਿਲ੍ਹਾ ਪਸ਼ੂ-ਪਾਲਨ ਅਧਿਕਾਰੀ ਨੇ ਦੱਸਿਆ ਕਿ ਕੁੱਤਿਆਂ ਦੇ ਸਰੀਰ ਦਾ ਤਾਪਮਾਨ ਮੌਸਮ ਦੇ ਤਾਪਮਾਨ ਨਾਲੋਂ 5 ਡਿਗਰੀ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਅਚਾਨਕ ਤਾਪਮਾਨ ‘ਚ ਵਾਧਾ ਹੋਣ ਕਾਰਨ ਕੁੱਤੇ ਹਮਲਾਵਰ ਹੋ ਜਾਦੇ ਹਨ। ਉੱਥੇ ਹੀ ਹੋਲੀ ‘ਤੇ ਲੋਕ ਕੁੱਤਿਆਂ ਨੂੰ ਰੰਗ ਲਗਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਪੱਥਰ ਮਾਰਦੇ ਹਨ ਜਿਸ ਕਾਰਨ ਉਹ ਹਮਲਾਵਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਹ ਲੋਕਾਂ ਨੂੰ ਵੱਡਣ ਲਗਦੇ ਹਨ।