ਕੈਨੇਡਾ ਤੋਂ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਪਰਤਣਾ ਪਵੇਗਾ। ਅਜਿਹਾ ਇਸ ਲਈ ਕਿਉਂਕਿ ਅਧਿਕਾਰੀਆਂ ਨੂੰ ਵਿੱਦਿਅਕ ਅਦਾਰਿਆਂ ਵਿੱਚ ਉਨ੍ਹਾਂ ਦੇ ‘ਐਡਮਿਸ਼ਨ ਆਫਰ ਲੈਟਰ’ ਫਰਜ਼ੀ ਪਾਏ ਗਏ। ਵਿਦਿਆਰਥੀਆਂ ਨੂੰ ਹਾਲ ਹੀ ਵਿੱਚ ਕੈਨੇਡਾ ਬਾਰਡਰ ਸੁਰੱਖਿਆ ਏਜੰਸੀ (ਸੀਬੀਐਸਏ) ਤੋਂ ਦੇਸ਼ ਨਿਕਾਲੇ ਪੱਤਰ ਪ੍ਰਾਪਤ ਹੋਏ ਹਨ।ਦੱਸ ਦੇਈਏ ਕਿ ਕੈਨੇਡੀਅਨ ਬਾਰਡਰ ਸਕਿਓਰਿਟੀ ਫੋਰਸ ਏਜੰਸੀ (ਸੀ.ਬੀ.ਐੱਸ.ਏ.) ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਰੇ ਵਿਦਿਆਰਥੀ ਸਟੱਡੀ ਪ੍ਰੋਗਰਾਮ ਤਹਿਤ 2018 ਜਾਂ ਉਸ ਤੋਂ ਬਾਅਦ ਕੈਨੇਡਾ ਪਹੁੰਚੇ ਸਨ। ਇਨ੍ਹਾਂ ਵਿਦਿਆਰਥੀਆਂ ਵੱਲੋਂ ਦਾਖ਼ਲੇ ਸਮੇਂ ਜੋ ਆਫਰ ਲੈਟਰ ਜਮ੍ਹਾਂ ਕਰਵਾਏ ਗਏ ਸਨ, ਉਹ ਜਾਂਚ ਵਿੱਚ ਜਾਅਲੀ ਪਾਏ ਗਏ ਸਨ।
ਇੰਨ੍ਹਾਂ ਹੀ ਨਹੀਂ ਵਿਦਿਆਰਥੀਆਂ ਨੇ ਸਟੱਡੀ ਵੀਜ਼ੇ ਲਈ ਜਲੰਧਰ ਦੀ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਕੋਲ ਪਹੁੰਚ ਕੀਤੀ ਸੀ। ਇਸ ਏਜੰਸੀ ਨੂੰ ਬ੍ਰਜੇਸ਼ ਮਿਸ਼ਰਾ ਨਾਮਕ ਏਜੰਟ ਚਲਾ ਰਿਹਾ ਹੈ। ਦੋਸ਼ ਹੈ ਕਿ ਬ੍ਰਜੇਸ਼ ਨੇ ਹਰ ਵਿਦਿਆਰਥੀ ਤੋਂ ਵੀਜ਼ੇ ਲਈ 16 ਤੋਂ 20 ਲੱਖ ਰੁਪਏ ਲਏ। ਇਸ ਵਿੱਚ ਦਾਖਲਾ ਫੀਸ ਅਤੇ ਹੋਰ ਖਰਚੇ ਵੀ ਸ਼ਾਮਲ ਸਨ। ਹਾਲਾਂਕਿ, ਇਸ ਵਿੱਚ ਹਵਾਈ ਟਿਕਟ ਅਤੇ ਸੁਰੱਖਿਆ ਜਮ੍ਹਾ ਸ਼ਾਮਲ ਨਹੀਂ ਸੀ।
ਭਾਰਤੀ ਵਿਦਿਆਰਥੀਆਂ ਨੇ ਦਾਖ਼ਲਾ ਪੇਸ਼ਕਸ਼ ਪੱਤਰ ਵੀ ਜਮ੍ਹਾਂ ਕਰਵਾਏ ਸਨ। ਇਹ ਸਥਾਈ ਨਿਵਾਸ ਜਾਂ ਵਰਕ ਪਰਮਿਟ ਲਈ ਜ਼ਰੂਰੀ ਦਸਤਾਵੇਜ਼ ਹੈ। ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਇੰਨ੍ਹਾਂ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇੰਟਰਵਿਊਆਂ ਹੁੰਦੀਆਂ ਹਨ। ਹੁਣ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲੰਧਰ ਪੁਲਿਸ ਨੇ ਸ਼ਹਿਰ ਦੀ ਇੱਕ ਮਾਈਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।