ਚੰਡੀਗੜ੍ਹ : ਪੰਜਾਬ ਵਿਚ ਬੰਦ ਕੀਤੀ ਗਈ ਇੰਟਰਨੈੱਟ ਅਤੇ ਐੱਸ. ਐੱਮ. ਸੇਵਾ ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ। ਜਾਰੀ ਹੋਏ ਤਾਜ਼ਾ ਹੁਕਮਾਂ ਅਨੁਸਾਰ ਹੁਣ ਇੰਟਰਨੈੱਟ ਸੇਵਾ 21 ਮਾਰਚ ਦੁਪਹਿਰ 12 ਵਜੇ ਤਕ ਬੰਦ ਰਹੇਗੀ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਲਈ ਚੱਲ ਰਹੀ ਮੁਹਿੰਮ ਨੂੰ ਲੈ ਕੇ 18 ਮਾਰਚ ਨੂੰ ਪਹਿਲਾਂ ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਹੋਏ ਸਨ, ਜਿਨ੍ਹਾਂ ਦੀ ਮਿਆਦ ਹੁਣ ਤੀਜੀ ਵਾਰ ਵਧਾਈ ਗਈ ਹੈ। ਪਹਿਲਾਂ ਹੁਕਮ ਸਨ ਕਿ ਇੰਟਰਨੈੱਟ ਸੇਵਾਵਾਂ ਅੱਜ 20 ਮਾਰਚ 12 ਵਜੇ ਤੋਂ ਬਹਾਲ ਕਰ ਦਿੱਤੀਆਂ ਜਾਣਗੀਆਂ ਪਰ ਹੁਣ ਇਕ ਵਾਰ ਫਿਰ ਇੰਟਰਨੈੱਟ ’ਤੇ ਲਗਾਈ ਗਈ ਪਾਬੰਦੀ 21 ਮਾਰਚ ਦੁਪਹਿਰ 12 ਵਜੇ ਤੱਕ ਲਈ ਵਧਾ ਦਿੱਤੀ ਗਈ ਹੈ।
ਪੰਜਾਬ ਵਿਚ ਪਹਿਲਾਂ ਐਤਵਾਰ 12 ਵਜੇ ਤਕ ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਅਹਿਤਿਆਤ ਵਜੋਂ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਹੋਰ 24 ਘੰਟਿਆਂ ਲਈ ਇੰਟਰਨੈੱਟ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇੰਟਰਨੈੱਟ ਤੋਂ ਇਲਾਵਾ ਐੱਸ. ਐੱਮ. ਐੱਸ. ਅਤੇ ਡੋਂਗਲ ਸੇਵਾ ਵੀ ਬੰਦ ਰਹੇਗੀ।
ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗੀ ਪੁਲਸ
ਪੰਜਾਬ ਪੁਲਸ ਨੇ ਕਿਹਾ ਹੈ ਕਿ ਉਹ ਸੂਬੇ ’ਚ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣਾਂ ਅਤੇ ਫਰਜ਼ੀ ਖ਼ਬਰਾਂ ਦੀ ਨਿਗਰਾਨੀ ਕਰ ਰਹੀ ਹੈ, ਜੋ ਕਿ ਵੱਖ-ਵੱਖ ਦੇਸ਼ਾਂ, ਸੂਬਿਆਂ ਅਤੇ ਸ਼ਹਿਰਾਂ ਤੋਂ ਆ ਰਹੀਆਂ ਹਨ। ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣਾਂ ਅਤੇ ਝੂਠੀਆਂ ਖਬਰਾਂ ’ਤੇ ਨਿਗਰਾਨੀ ਰੱਖਣ ਲਈ ਵਿਸ਼ੇਸ਼ ਸੈੱਲ ਬਣਾਇਆ ਹੋਇਆ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੋ ਵੀ ਝੂਠੀਆਂ ਅਫਵਾਹਾਂ ਫੈਲਾਏਗਾ, ਉਸ ਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਸ ਨੇ ਕਿਹਾ ਹੈ ਕਿ ਜੋ ਵੀ ਝੂਠੀਆਂ ਅਫਾਵਾਹਾਂ ਫੈਲਾਉਣ ’ਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਪੰਜਾਬ ਪੁਲਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਘਬਰਾਓ ਨਾ ਅਤੇ ਭੜਕਾਊ ਭਾਸ਼ਣਾਂ ਨੂੰ ਫੈਲਣ ਨਾ ਦਿਓ। ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ ਹੈ। ਉਨ੍ਹਾਂ ਕਿਹਾ ਕਿ ਨਫਰਤੀ ਭਾਸ਼ਣ ਫੈਲਣ ਨਾਲ ਹਾਲਾਤ ਖ਼ਰਾਬ ਹੁੰਦੇ ਹਨ, ਇਸ ਲਈ ਅਜਿਹੀਆਂ ਖਬਰਾਂ ’ਤੇ ਵਿਸ਼ੇਸ਼ ਰੂਪ ’ਚ ਨਿਗਰਾਨੀ ਰੱਖੀ ਜਾ ਰਹੀ ਹੈ।